CM Bhagwant Mann: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਦੀ ਮੀਟਿੰਗ ਵਿੱਚ ਕਿਹਾ ਕਿ ਪੰਜਾਬ ਦੇ ਤਿੰਨ ਕਰੋੜ ਲੋਕਾਂ ਦੀ ਸੁਰੱਖਿਆ ਕਰਨਾ ਮੇਰੀ ਜ਼ਿੰਮੇਵਾਰੀ ਹੈ। ਐਂਟੀ ਗੈਂਗਸਟਰ ਟਾਸਕ ਫੋਰਸ ਲਈ ਆਧੁਨਿਕ ਸਹੂਲਤਾਂ ਤੇ ਸਾਧਨਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਜੋ ਵੀ ਸਾਧਨਾਂ ਦੀ ਲੋੜ ਹੋਵੇਗੀ ਸਰਕਾਰ ਦੇਵੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੂੰ ਸਖ਼ਤ ਨਿਰਦੇਸ਼ ਦਿੱਤੇ- ਬਿਨਾਂ ਕਿਸੇ ਡਰ ਤੇ ਪੱਖਪਾਤ ਤੋਂ ਕੰਮ ਕਰੋ ਤੇ ਅਪਰਾਧ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ।


ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਸੂਬੇ ਦੇ ਸਾਰੇ ਪੁਲਿਸ ਕਮਿਸ਼ਨਰਾਂ ਤੇ ਸਾਰੇ ਐਸਐਸਪੀਜ਼ ਨੂੰ ਪੱਤਰ ਲਿਖ ਕੇ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਦੀ ਭੂਮਿਕਾ ਦੱਸੀ ਤੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਕਾਨੂੰਨ ਤੇ ਵਿਵਸਥਾ ਦੇ ਮੁੱਦੇ 'ਤੇ ਸਿਰਫ਼ ਪੁਲਿਸ ਕਮਿਸ਼ਨਰ ਤੇ ਐਸਐਸਪੀ ਹੀ ਜ਼ਿੰਮੇਵਾਰ ਹੋਣਗੇ।


ਮੁੱਖ ਮੰਤਰੀ ਨੇ ਪੱਤਰ ਵਿੱਚ ਲਿਖਿਆ, ‘ਮੈਂ ਸਪੱਸ਼ਟ ਕਰਨਾ ਚਾਹਾਂਗਾ ਕਿ ਏਜੀਟੀਐਫ ਦਾ ਗਠਨ ਕਿਸੇ ਵੀ ਤਰ੍ਹਾਂ ਕਮਿਸ਼ਨਰਾਂ ਤੇ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਤੇ ਭੂਮਿਕਾ ਨੂੰ ਕਮਜ਼ੋਰ ਨਹੀਂ ਕਰੇਗਾ, ਕਿਉਂਕਿ ਸੀਪੀਜ਼ ਤੇ ਐਸਐਸਪੀ ਅਪਰਾਧ ਨੂੰ ਕੰਟਰੋਲ ਕਰਨ ਤੇ ਕਾਨੂੰਨ ਵਿਵਸਥਾ ਲਈ ਜ਼ਿੰਮੇਵਾਰ ਹਨ। ਆਪਣੇ ਅਧਿਕਾਰ ਖੇਤਰ ਵਿੱਚ ਆਰਡਰ ਲਈ ਜ਼ਿੰਮੇਵਾਰ ਹਨ। ਮੈਂ ਨਿੱਜੀ ਤੌਰ 'ਤੇ ਤੁਹਾਨੂੰ ਤੁਹਾਡੇ ਅਧਿਕਾਰ ਖੇਤਰ ਵਿੱਚ ਕਾਨੂੰਨ ਤੇ ਵਿਵਸਥਾ ਦੀ ਕਿਸੇ ਵੀ ਉਲੰਘਣਾ ਲਈ ਜ਼ਿੰਮੇਵਾਰ ਠਹਿਰਾਵਾਂਗਾ ਕਿਉਂਕਿ ਤੁਸੀਂ ਕਾਨੂੰਨ ਦੇ ਅਧੀਨ ਜਵਾਬਦੇਹ ਹੋ।


ਉਨ੍ਹਾਂ ਅੱਗੇ ਲਿਖਿਆ ਕਿ AGTF ਖੁਫੀਆ ਆਧਾਰਤ ਕਾਰਵਾਈਆਂ 'ਤੇ ਧਿਆਨ ਕੇਂਦਰਤ ਕਰੇਗਾ ਤੇ ਤਾਲਮੇਲ ਦੀ ਭੂਮਿਕਾ ਨਿਭਾਏਗਾ। ਅਜਿਹੀ ਸਥਿਤੀ ਵਿੱਚ ਉਹ ਉਮੀਦ ਕਰਦੇ ਹਾਂ ਕਿ ਪੁਲਿਸ ਕਮਿਸ਼ਨਰ ਤੇ ਐਸਐਸਪੀ ਆਪਣੇ ਅਧੀਨ ਪੁਲਿਸ ਅਧਿਕਾਰੀਆਂ ਨੂੰ ਬ੍ਰੀਫਿੰਗ, ਅਪਰਾਧ ਡੇਟਾ ਦਾ ਵਿਸ਼ਲੇਸ਼ਣ ਕਰਕੇ, ਭਗੌੜੇ ਗੈਂਗਸਟਰਾਂ ਦੀ ਪਛਾਣ ਕਰਕੇ ਤੇ ਗੈਂਗਸਟਰ ਵਿਰੋਧੀ ਕਾਰਵਾਈਆਂ ਚਲਾ ਕੇ ਗੈਂਗਸਟਰਾਂ ਵਿਰੁੱਧ ਪ੍ਰਮੁੱਖ ਜ਼ੋਰ ਦੇਣਗੇ।


ਪ੍ਰਮੋਦ ਬਾਨ ਬਣੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ
ਦੱਸ ਦਈਏ ਕਿ ਵੀਰਵਾਰ ਨੂੰ ਪੰਜਾਬ ਸਰਕਾਰ ਨੇ ਇੱਕ ਹੁਕਮ ਜਾਰੀ ਕਰਕੇ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਕਮਾਨ ਪ੍ਰਮੋਦ ਬਾਨ ਨੂੰ ਸੌਂਪ ਦਿੱਤੀ ਹੈ। ਉਹ ਵਰਤਮਾਨ ਵਿੱਚ ਏਡੀਜੀਪੀ ਵਿਸ਼ੇਸ਼ ਅਪਰਾਧ ਤੇ ਆਰਥਿਕ ਅਪਰਾਧ ਵਿੰਗ ਵਜੋਂ ਤਾਇਨਾਤ ਸਨ। ਇਸ ਦੇ ਨਾਲ ਹੀ ਲੁਧਿਆਣਾ ਦੇ ਮੌਜੂਦਾ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਡੀਆਈਜੀ ਐਂਟੀ ਗੈਂਗਸਟਰ ਟਾਸਕ ਫੋਰਸ ਤੇ ਓਸੀਸੀਯੂ ਪੰਜਾਬ, ਮੁਹਾਲੀ ਦੇ ਏਆਈਜੀ ਗੁਰਮੀਤ ਸਿੰਘ ਚੌਹਾਨ ਨੂੰ ਏਆਈਜੀ ਐਂਟੀ ਗੈਂਗਸਟਰ ਟਾਸਕ ਫੋਰਸ ਨਿਯੁਕਤ ਕੀਤਾ ਗਿਆ ਹੈ।