ਲੌਂਗੋਵਾਲ ਦੀ ਹਾਜ਼ਰੀ 'ਚ ਹੋਇਆ ਭੇੜ, ਕਾਰ 'ਚ ਵੜ ਕੇ ਸਿੱਧੂ ਨੇ ਬਚਾਈ ਜਾਨ!
ਏਬੀਪੀ ਸਾਂਝਾ | 17 Dec 2018 12:44 PM (IST)
ਫਾਈਲ ਫੋਟੋ
ਰੂਪਨਗਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਲਈ ਉਸ ਵੇਲੇ ਕਸੂਤੀ ਹਾਲਤ ਬਣ ਗਈ ਜਦੋਂ ਸ਼੍ਰੋਮਣੀ ਕਮੇਟੀ ਦੇ ਸਿੱਖਿਆ ਡਾਇਰੈਕਟਰ ਜਤਿੰਦਰ ਸਿੰਘ ਸਿੱਧੂ ਤੇ ਸ਼੍ਰੋਮਣੀ ਕਮੇਟੀ ਮੈਂਬਰ ਆਪਸ ਵਿੱਚ ਉਲਝ ਗਏ। ਹਿਮਾਚਲ ਪ੍ਰਦੇਸ਼ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ ਇੰਨੇ ਗੁੱਸੇ ਵਿੱਚ ਸੀ ਕਿ ਸਿੱਖਿਆ ਡਾਇਰੈਕਟਰ ਸਿੱਧੂ ਨੇ ਭੱਜ ਕੇ ਜਾ ਬਚਾਈ। ਇਹ ਝੜਪ ਐਤਵਾਰ ਨੂੰ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਵਿਖੇ ਲੌਂਗੋਵਾਲ ਦੀ ਹਾਜ਼ਰੀ ਵਿੱਚ ਹੋਈ। ਦਰਅਸਲ ਹਿਮਾਚਲ ਪ੍ਰਦੇਸ਼ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ ਇਸ ਗੱਲ ਤੋਂ ਖ਼ਫ਼ਾ ਸੀ ਕਿ ਸਿੱਖਿਆ ਡਾਇਰੈਕਟਰ ਜਤਿੰਦਰ ਸਿੰਘ ਸਿੱਧੂ ਵੱਲੋਂ ਸਿੱਖਿਆ ਦੇ ਮਾਮਲੇ ਵਿੱਚ ਉਨ੍ਹਾਂ ਦੇ ਇਲਾਕੇ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਇਸ ਲਈ ਜਦੋਂ ਉਨ੍ਹਾਂ ਇਹ ਮੁੱਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਸਾਹਮਣੇ ਚੁੱਕਣਾ ਚਾਹਿਆ ਤਾਂ ਦੋਵਾਂ ਵਿਚਾਲੇ ਝੜਪ ਹੋ ਗਈ। ਐਤਵਾਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਤੇ ਸ਼੍ਰੋਮਣੀ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਦੇ ਸਮਾਪਤੀ ਸਮਾਗਮਾਂ ਵਿੱਚ ਹਿੱਸਾ ਲੈਣ ਆਏ ਸੀ। ਸਮਾਗਮ ਮਗਰੋਂ ਇਹ ਝੜਪ ਹੋ ਗਈ। ਸੂਤਰਾਂ ਅਨੁਸਾਰ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਜਦੋਂ ਗੋਬਿੰਦ ਸਿੰਘ ਲੌਂਗੋਵਾਲ ਵਾਪਸ ਜਾਣ ਲਈ ਆਪਣੀ ਕਾਰ ਵਿੱਚ ਬੈਠਣ ਲੱਗੇ ਤਾਂ ਉੱਥੇ ਮੌਜੂਦ ਜਤਿੰਦਰ ਸਿੰਘ ਸਿੱਧੂ ਤੇ ਦਲਜੀਤ ਸਿੰਘ ਭਿੰਡਰ ਆਪਸ ਵਿੱਚ ਬਹਿਸਣ ਲੱਗੇ। ਭਿੰਡਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਇਹ ਕਹਿ ਰਹੇ ਸੀ ਕਿ ਸਿੱਧੂ ਵੱਲੋਂ ਉਨ੍ਹਾਂ ਦੇ ਇਲਾਕੇ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਦੋਵਾਂ ਨੇ ਇੱਕ-ਦੂਜੇ ਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ ਤੇ ਉੱਥੇ ਮੌਜੂਦ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਹਟਾਇਆ। ਸਿੱਧੂ ਤੁਰੰਤ, ਗੋਬਿੰਦ ਸਿੰਘ ਲੌਂਗੋਵਾਲ ਦੀ ਕਾਰ ਵਿੱਚ ਬੈਠ ਗਏ ਤੇ ਤਾਕੀ ਲਾ ਲਈ। ਭਿੰਡਰ ਨੇ ਸਿੱਧੂ ਨੂੰ ਕਾਰ ਤੋਂ ਬਾਹਰ ਆਉਣ ਲਈ ਆਖਿਆ ਤੇ ਇੰਨੇ ਨੂੰ ਕਾਰ ਚੱਲ ਪਈ। ਇਸ ਬਾਰੇ ਭਿੰਡਰ ਨੇ ਕਿਹਾ ਕਿ ਉਹ ਲੌਂਗੋਵਾਲ ਦੀ ਕਾਰ ਕੋਲ ਖੜ੍ਹੇ ਸਨ। ਸਿੱਧੂ ਉੱਥੇ ਆਏ ਤਾਂ ਉਨ੍ਹਾਂ ਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ। ਭਿੰਡਰ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਸਿੱਧੂ ਤੋਂ ਇਸ ਦਾ ਕਾਰਨ ਪੁੱਛਿਆ ਤਾਂ ਉਹ ਬਿਨਾਂ ਜਵਾਬ ਦਿੱਤੇ ਲੌਂਗੋਵਾਲ ਦੀ ਕਾਰ ਵਿੱਚ ਬੈਠ ਕੇ ਚਲੇ ਗਏ। ਉਧਰ, ਸਿੱਧੂ ਨੇ ਇਸ ਘਟਨਾ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਉਹ ਭਿੰਡਰ ਦੇ ਚਿਹਰੇ ਤੋਂ ਵੀ ਵਾਕਫ਼ ਨਹੀਂ। ਉਨ੍ਹਾਂ ਕਿਹਾ ਕਿ ਇਹ ਗੱਲ ਜ਼ਰੂਰ ਹੈ ਕਿ ਭਿੰਡਰ ਨੇ ਆਪਣੇ ਇਲਾਕੇ ਦੀਆਂ ਸਮੱਸਿਆਵਾਂ ਬਾਰੇ ਉਨ੍ਹਾਂ ਨਾਲ ਟੈਲੀਫੋਨ ’ਤੇ ਗੱਲ ਕੀਤੀ ਹੈ। ਉਧਰ, ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਇਸ ਗੱਲੋਂ ਇਨਕਾਰ ਕੀਤਾ ਕਿ ਅਜਿਹੀ ਕੋਈ ਘਟਨਾ ਉਨ੍ਹਾਂ ਦੀ ਹਾਜ਼ਰੀ ਵਿੱਚ ਵਾਪਰੀ ਹੈ।