ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਲਈ ‘ਲਿਫਾਫਾ ਕਲਚਰ’ ਨੂੰ ਵੀ ਜਮਹੂਰੀ ਤਰੀਕਾ ਕਰਾਰ ਦਿੱਤਾ ਹੈ। ਅਕਾਲੀ ਦਲ ਕਹਿਣਾ ਹੈ ਕਿ ਪਾਰਟੀ ਪ੍ਰਧਾਨ ਵੱਲੋਂ ਮੈਂਬਰਾਂ ਵੱਲੋਂ ਦਿੱਤੇ ਅਧਿਕਾਰ ਦੀ ਵਰਤੋਂ ਕਰਦਿਆਂ ਆਪਣੀ ਰਾਏ ਇਸ ਢੰਗ ਤਰੀਕੇ ਨਾਲ ਮੈਂਬਰਾਂ ਕੋਲ ਪੁਜਦੀ ਕੀਤੀ ਜਾਂਦੀ ਹੈ। ਇਸ ਲਈ ਇਹ ਕੋਈ ਗਲਤ ਤਰੀਕਾ ਨਹੀਂ ਹੈ।
ਇਸ ਬਾਰੇ ਪਾਰਟੀ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਉਮੀਦਵਾਰਾਂ ਦੀ ਚੋਣ ਲਈ ਇਹ ਜਮਹੂਰੀ ਤਰੀਕਾ ਹੈ। ਇਸ ਵਿੱਚ ਇੱਕ-ਇੱਕ ਮੈਂਬਰ ਕੋਲੋਂ ਉਸ ਦੇ ਵਿਚਾਰ ਪੁੱਛੇ ਗਏ ਹਨ। ਉਨ੍ਹਾਂ ਕਿਹਾ ਕਿ ‘ਲਿਫਾਫਾ ਕਲਚਰ’ ਨੂੰ ਵੀ ਜਮਹੂਰੀ ਤਰੀਕਾ ਹੀ ਹੈ।
ਕਾਬਲੇਗੌਰ ਹੈ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੇ ਨਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਭੇਜੇ ਸੀਲਬੰਦ ਲਿਫਾਫੇ ਵਿੱਚੋਂ ਹੀ ਨਿਕਲਦੇ ਹਨ। ਇਸ ਲਈ ਮੈਂਬਰਾਂ ਵੱਲੋਂ ਚੋਣ ਮਹਿਜ਼ ਰਸਮ ਹੀ ਹੁੰਦੀ ਹੈ। ਇਸ ਰਵਾਇਤ ਦਾ ਸਿੱਖ ਜਗਤ ਵਿੱਚ ਕਾਫੀ ਵਿਰੋਧ ਹੁੰਦਾ ਹੈ ਪਰ ਅਕਾਲੀ ਦਲ ਨੇ ਇਸ ਨੂੰ ਹਮੇਸ਼ਾਂ ਜਾਇਜ਼ ਠਹਿਰਾਇਆ ਹੈ।