ਚੰਡੀਗੜ੍ਹ: ਫ਼ਸਲਾਂ 'ਤੇ ਰੇਹਾਂ ਸਪਰੇਹਾਂ ਦੀ ਅੰਨ੍ਹੀਂ ਵਰਤੋਂ ਦਾ ਸਿੱਟਾ ਹੁਣ ਇਹ ਨਿੱਕਲਿਆ ਹੈ ਕਿ ਦੁੱਧ ਦੇ ਗਿਲਾਸ ਵਿੱਚ ਵੀ ਕੀਟਨਾਸ਼ਕ ਪਹੁੰਚ ਗਿਆ ਹੈ। ਗੁਰੂ ਅੰਗਦ ਦੇਵ ਜੀਵ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ, ਲੁਧਿਆਣਾ ਵੱਲੋਂ ਕਰਵਾਈ ਗਈ ਖੋਜ ਵਿੱਚ ਇਹ ਖੁਲਾਸਾ ਹੋਇਆ ਹੈ।


ਪੰਜਾਬ ਦੀਆਂ 55 ਵੱਖ-ਵੱਖ ਡੇਅਰੀਆਂ ਤੋਂ ਦੁੱਧ, ਪਾਣੀ ਦਾਣਾ ਅਤੇ ਚਾਰੇ ਦੇ ਲਏ ਗਏ ਨਮੂਨਿਆਂ ਦੀ ਜਾਂਚ ਕਰਨ ਤੋਂ ਬਾਅਦ ਪਤਾ ਲੱਗਾ ਹੈ ਕਿ ਹਰ ਥਾਂ ਕੀਟਨਾਸ਼ਕ ਕਰਕੇ ਆਏ ਖ਼ਤਰਨਾਕ ਰਸਾਇਣਾਂ ਦੀ ਮੌਜੂਦਗੀ ਹੈ। ਇਨ੍ਹਾਂ ਨਮੂਨਿਆਂ ਵਿੱਚੋਂ ਓਰਗੈਨੋਕਲੋਰੀਨ ਪੈਸਟੀਸਾਈਡ (OCPs), ਸਿੰਥੈਟਿਕ ਪੈਸਟੀਸਾਈਡ (SPs) ਅਤੇ ਓਰਗੈਨੋਫੌਸਫੋਰਸ ਪੈਸਟੀਸਾਈਡਜ਼ (OPs) ਦੀ ਰਹਿੰਦ ਖੂਹੰਦ ਪਾਈ ਗਈ ਹੈ।

ਜਰਨਲ ਆਫ਼ ਐਨੀਮਲ ਐਂਡ ਫ਼ੀਡ ਸਾਇੰਸਿਜ਼ ਵਿੱਚ ਪ੍ਰਕਾਸ਼ਿਤ ਇਸ ਖੋਜ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦੁੱਧ ਵਿੱਚ ਕੀਟਨਾਸ਼ਕ ਪਾਏ ਜਾਣ ਦਾ ਮੁੱਖ ਕਾਰਨ ਪਸ਼ੂਆਂ ਦੇ ਹਰੇ-ਚਾਰੇ 'ਤੇ ਕੀਤੀ ਗਈ ਕੀਟਨਾਸ਼ਕ ਕੀ ਵਰਤੋਂ ਹੈ। ਖੋਜ ਵਿੱਚ ਕੀਟਨਾਸ਼ਕਾਂ ਦਾ ਚਾਰੇ ਵਿੱਚੋਂ ਦੁੱਧ ਵਿੱਚ ਸ਼ਾਮਲ ਹੋਣ ਪਿੱਛੇ ਹੱਦੋਂ ਵੱਧ ਕੀਟਨਾਸ਼ਕ ਦੀ ਵਰਤੋਂ ਅਤੇ ਡੇਅਰੀ ਫਾਰਮਾਂ ਦੇ ਮੰਦੇ ਪ੍ਰਬੰਧਾਂ ਨੂੰ ਮੁੱਖ ਕਾਰਨ ਦੱਸਿਆ ਗਿਆ ਹੈ। ਖੋਜ ਦੌਰਾਨ ਪਾਇਆ ਗਿਆ ਕਿ 12 ਥਾਵਾਂ 'ਤੇ ਪਸ਼ੂਆਂ ਲਈ ਉਗਾਏ ਜਾਣ ਵਾਲੇ ਚਾਰੇ ਉੱਪਰ ਕੀਟਨਾਸ਼ਕਾਂ ਦਾ ਛਿੜਕਾਅ ਬਗ਼ੈਰ ਪਾਣੀ ਦੇ ਮਿਲਾਏ ਕੀਤਾ ਜਾ ਰਿਹਾ ਸੀ।

ਲੇਖ ਦੇ ਮੁੱਖ ਲੇਖਕ ਜੇ.ਐਸ. ਬੇਦੀ ਮੁਤਾਬਕ ਬੇਸ਼ੱਕ ਵਿਸ਼ਵ ਸਿਹਤ ਅਦਾਰਾ (WHO) ਵੱਲੋਂ ਤੈਅ ਕੀਤੇ ਵੱਧ ਤੋਂ ਵੱਧ ਮਾਪਦੰਡਾਂ ਦੇ ਹਿਸਾਬ ਨਾਲ ਦੁੱਧ ਵਿੱਚੋਂ ਪਾਈ ਗਈ ਕੀਟਨਾਸ਼ਕ ਦੀ ਮਿਕਦਾਰ ਘੱਟ ਹੈ, ਪਰ ਦੋ ਨਮੂਨਿਆਂ ਵਿੱਚੋਂ ਇਹ ਮਿਕਦਾਰ ਹੱਦੋਂ ਵੱਧ ਪਾਈ ਗਈ। ਇਸ ਤੋਂ ਇਲਾਵਾ ਦੋ ਨਮੂਨਿਆਂ ਵਿੱਚੋਂ ਐਂਡੋਸੁਲਫ਼ੇਨ ਸਲਫ਼ੇਟ ਦੀ ਰਹਿੰਦ-ਖੂਹੰਦ ਵੀ ਪਾਈ ਗਈ, ਜੋ ਸਿਹਤ ਲਈ ਕਾਫੀ ਖਾਤਕ ਹੈ।