ਚੰਡੀਗੜ੍ਹ: ਸੂਬੇ ‘ਚ ਰੇਤ ਦੀ ਕਾਲਾਬਾਜ਼ਾਰੀ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਨਿਯਮਾਂ ‘ਚ ਵੱਡੇ ਫੇਰਬਦਲ ਕੀਤੇ ਹਨ। ਨਵੀਆਂ ਖਦਾਨਾਂ ਜਨਵਰੀ ਦੇ ਆਖਿਰੀ ਦਿਨਾਂ ‘ਚ ਸ਼ੁਰੂ ਹੋ ਜਾਣਗੀਆਂ। ਗਾਹਕ ਸਰਕਾਰ ਤੋਂ ਥੋਕ ਰਿਜ਼ਰ ਪ੍ਰਾਈਜ਼ 9 ਰੁਪਏ ਪ੍ਰਤੀ ਕਿਯੂਬਿਕ ਫੀਟ ਅਤੇ ਬਾਕੀ ਖ਼ਰਚ ਜੋੜ ਕੇ ਪ੍ਰਚੂਨ ਰੇਟ ‘ਤੇ ਆਨ-ਲਾਈਨ ਰੇਤ ਖਰੀਦ ਸਕਣਗੇ।


ਇਸ ਦੇ ਲਈ ਪੰਜਾਬ ਸੈਂਡ ਪੋਰਟਲ ਬਣੇਗਾ, ਨਾਲ ਹੀ ਮੋਬਾਈਲ ਐੱਪ ਵੀ। ਆਮ ਲੋਕ ਰੇਤ ਦੀਆਂ ਕੀਮਤਾਂ ‘ਚ ਮਨਮਰਜ਼ੀ ਤੋਂ ਬਚਣ ਲਈ ਮੋਬਾਈਲ ਐਪਲੀਕੇਸ਼ਨ ‘ਤੇ ਰੇਤ ਦੀ ਖਰੀਦ ਦੀ ਅਡਵਾਂਸ ਬੁਕਿੰਗ ਕਰ ਪਾਉਣਗੇ। ਸਿੰਚਾਈ ਵਿਭਾਗ ਦੇ ਮਾਈਨਿੰਗ ਅਧਿਕਾਰੀਆਂ ਕੋਲ ਇਸ ਬੁਕਿੰਗ ਦੀ ਜਾਣਕਾਰੀ ਪਹੁੰਚੇਗੀ ਅਤੇ ਉਹ ਗਾਹਕਾਂ ਨੂੰ ਰੇਤ ਦੀ ਡਿਲੀਵਰੀ ਦੇਣਗੇ।

345 ਕਰੋੜ ਰੁਪਏ ਰਿਜ਼ਰਚ ਪ੍ਰਾਈਜ਼ ਤੈਅ ਕਰਕੇ ਸਰਕਾਰ ਨੇ ਸੂਬੇ ਨੂੰ 7 ਬਲਾਕਾਂ ‘ਚ ਵੰਡਕੇ ਰੇਟ ਦੀਆਂ ਖਦਾਨਾਂ ਦੀ ਆਕਸ਼ਨ ਲਈ 31 ਅਕਤੂਬਰ ਤਕ ਰੁਚੀ ਮੰਗੀ ਸੀ। ਜਿਸ ‘ਚ 2 ਦਰਜਨ ਤੋਂ ਵੱਧ ਡਾਕਯੂਮੇਂਟੇਸ਼ਨ ਪੂਰੀ ਕੀਤੀ ਗਈ ਹੈ। ਸੂਬੇ ‘ਚ 14 ਦਸੰਬਰ ਨੂੰ ਨਿਲਾਮੀ ਹੋਣੀ ਹੈ। ਇਸ ਵਾਰ ਸਰਕਾਰ ਦਾ ਪੂਰਾ ਧਿਆਨ ਇਸ ਗੱਲ ‘ਤੇ ਹੈ ਕਿ ਨਾਜ਼ਾਇਜ਼ ਮਾਈਨਿੰਗ ਨਾ ਹੋਵੇ ਅਤੇ ਪ੍ਰਚੂਨ ਦੀਆਂ ਕੀਮਤਾਂ ਨੂੰ ਕਾਬੂ ਰੱਖੀਆ ਜਾ ਸਕੇ।