ਚੰਡੀਗੜ੍ਹ: 5 ਨਵੰਬਰ ਨੂੰ SGPC ਦੇ ਮੁੱਖ ਦਫਤਰ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਸੱਦਿਆ ਗਿਆ SGPC ਦਾ ਜਨਰਲ ਇਜਲਾਸ ਦੁਨੀਆ ਭਰ ਦੇ ਸਿੱਖ ਭਾਈਚਾਰੇ ਤੇ ਮੀਡੀਆ ਲਈ ਕਾਫੀ ਖਿੱਚ ਦਾ ਕੇਂਦਰ ਰਿਹਾ। ਪੰਜ ਸਿੰਘ ਸਾਹਿਬਾਨ ਤੇ ਸੈਂਕੜੇ ਕਮੇਟੀ ਮੈਂਬਰਾਂ ਦੀ ਮੌਜੂਦਗੀ ਵਿੱਚ ਸੱਦੇ ਇਜਲਾਸ ਦੌਰਾਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਫੈਸਲੇ ਮੁਤਾਬਕ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ SGPC ਦੇ ਨਵੇਂ ਪ੍ਰਧਾਨ ਚੁਣ ਲਿਆ ਗਿਆ ਕਿਉਂਕਿ ਇੱਕ ਦਿਨ ਪਹਿਲਾਂ ਸੁਖਬੀਰ ਸਿੰਘ ਬਾਦਲ SGPC ਮੈਂਬਰਾਂ ਦੀ ਸਹਿਮਤੀ ਨਾਲ ਫੈਸਲਾ ਕਰਨ ਦੇ ਸਾਰੇ ਹੱਕ ਇਕੱਲੇ ਲੈ ਚੁੱਕੇ ਸਨ। ਇਜਲਾਸ ਵਿੱਚ ਸ਼ਾਮਲ ਸਾਰੇ ਮੈਂਬਰਾਂ ਨੇ ਹੱਥ ਖੜ੍ਹੇ ਕੇ ਫੈਸਲੇ ਨੂੰ ਪ੍ਰਵਾਨਗੀ ਦਿੱਤੀ।

ਇਸ ਦਰਮਿਆਨ 11 ਮੈਂਬਰੀ ਕਾਰਜਕਾਰਨੀ, ਸੀਨੀਅਰ ਮੀਤ ਪ੍ਰਧਾਨ ਤੇ ਜੂਨੀਅਰ ਮੀਤ ਪ੍ਰਧਾਨ ਦੇ ਅਹੁਦਿਆਂ ਦੀ ਵੀ ਚੋਣ ਹੋਈ। SGPC ਦੇ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਨੂੰ ਬਣਾਇਆ ਗਿਆ। ਨਵੇਂ ਚੁਣੇ ਪ੍ਰਧਾਨ ਤੇ ਸਮੂਹ ਕਾਰਜਕਾਰਨੀ ਮੈਂਬਰਾਂ ਨੂੰ ਸਿੰਘ ਸਾਹਿਬਾਨ ਨੇ ਸਿਰੋਪਾਉ ਦੇ ਕੇ ਅਹੁਦਿਆਂ ਦੀ ਜ਼ਿੰਮੇਵਾਰੀ ਸੌਂਪੀ। ਇਜਲਾਸ ਦੀ ਪ੍ਰਧਾਨਗੀ ਸਿੱਖ ਰਵਾਇਤ ਮੁਤਾਬਕ ਅੰਮ੍ਰਿਤਸਰ ਦੇ ਡੀਸੀ ਵੱਲੋਂ ਕੀਤੀ ਜਾਂਦੀ ਹੈ ਜੋ ਸਾਬਤ ਸੂਰਤ ਸਿੱਖ ਹੋਣਾ ਚਾਹੀਦਾ ਹੈ ਪਰ ਅੰਮ੍ਰਿਤਸਰ ਦੇ ਡੀਸੀ ਵਰੁਣ ਰੂਜ਼ਮ ਦੇ ਹਿੰਦੂ ਹੋਣ ਕਰਕੇ ਤਰਨ ਤਾਰਨ ਦੇ ਡੀਸੀ ਬਲਵਿੰਦਰ ਸਿੰਘ ਧਾਲੀਵਾਲ ਨੇ ਕਾਰਵਾਈ ਚਲਾਈ ਜੋ ਸਿੱਖ ਤਾਂ ਸਨ ਪਰ ਸਾਬਤ ਸੂਰਤ ਨਹੀਂ, ਜਿਸ ਦਾ ਟੌਹੜਾ ਧੜੇ ਨੇ ਵਿਰੋਧ ਵੀ ਕੀਤਾ।

ਨਵੇਂ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸਦਨ ਦੀ ਕਾਰਵਾਈ ਚਲਾਉਂਦਿਆਂ 20 ਮਤੇ ਪੇਸ਼ ਕੀਤੇ। ਇਨ੍ਹਾਂ ਮਤਿਆਂ ਰਾਹੀਂ ਪੰਜਾਬ ਤੇ ਕੇਂਦਰ ਸਰਕਾਰ ਕੋਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਧਾਰਾ 295 ਏ ਤਹਿਤ ਪਰਚਾ ਦਰਜ ਕਰਨ ਤੇ ਸਖ਼ਤ ਸਜ਼ਾਵਾਂ ਦਿੱਤੇ ਜਾਣ ਮੰਗ ਕੀਤੀ ਗਈ। ਨਵੰਬਰ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ, ਵਿਦੇਸ਼ਾਂ ਵਿੱਚ ਸਿੱਖਾਂ ‘ਤੇ ਹੁੰਦੇ ਨਸਲੀ ਹਮਲਿਆਂ ਨੂੰ ਰੋਕਣ ਲਈ ਉਨ੍ਹਾਂ ਮੁਲਕਾਂ ਦੀਆਂ ਸਰਕਾਰਾਂ ਨਾਲ ਗੱਲਬਾਤ ਕਰਨ, ਸ੍ਰੀ ਹਰਿਮੰਦਰ ਸਾਹਿਬ ਨੂੰ ਆਉਂਦੇ ਹੋਰ ਰਸਤਿਆਂ ਨੂੰ ਵੀ ਵਿਰਾਸਤੀ ਦਿੱਖ ਦੇਣ ਤੇ ਬੂਟੇ ਲਾਉਣ, ਸਿੱਖ ਬੰਦੀਆਂ ਦੀ ਰਿਹਾਈ, ਫਿਲਮਾਂ, ਨਾਟਕਾਂ ਤੇ ਲੜੀਵਾਰਾਂ ਆਦਿ ਵਿੱਚ ਸਿੱਖ ਕਿਰਦਾਰਾਂ ਨੂੰ ਮਜ਼ਾਕੀਆ ਲਹਿਜੇ ਵਿੱਚ ਪੇਸ਼ ਕਰਨ ਤੋਂ ਰੋਕਣ ਲਈ ਫਿਲਮ ਸੈਂਸਰ ਬੋਰਡ ਵਿੱਚ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਨੂੰ ਪੱਕੇ ਤੌਰ ਉਤੇ ਸ਼ਾਮਲ ਕਰਨ ਤੋਂ ਇਲਾਵਾ ਵੱਖ ਵੱਖ ਸਿੱਖਿਆ ਬੋਰਡਾਂ ਦੀਆਂ ਕਿਤਾਬਾਂ ਲਿਖਣ ਵਾਲੇ ਪੈਨਲ ਵਿੱਚ ਪੱਕੇ ਤੌਰ ’ਤੇ ਸ਼੍ਰੋਮਣੀ ਕਮੇਟੀ ਦਾ ਨੁਮਾਇੰਦਾ ਸ਼ਾਮਲ ਕਰਨ ਦੀ ਮੰਗ ਰੱਖੀ ਗਈ। ਇਸ ਮੌਕੇ ਜਨਰਲ ਇਜਲਾਸ ਨੇ ਸਿੱਖ ਗੁਰਦੁਆਰਾ ਐਕਟ 1925 ਦੀ ਧਾਰਾ 71 (1) ਤਹਿਤ ਸਿੱਖ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਗਠਿਤ ਕਰਨ ਲਈ ਵਕੀਲਾਂ ਦਾ ਪੈਨਲ ਸਰਕਾਰ ਨੂੰ ਭੇਜਣ ਵਾਸਤੇ ਸਾਰੇ ਹੱਕ SGPC ਪ੍ਰਧਾਨ ਨੂੰ ਦੇ ਦਿੱਤੇ।

5 ਨਵੰਬਰ ਦੇ ਇਜਲਾਸ ਵਿੱਚ ਕੁੱਲ 185 ਮੈਂਬਰਾਂ ਵਿੱਚੋਂ 155 ਮੈਂਬਰ ਸ਼ਾਮਲ ਹੋਏ ਤੇ ਕੁੱਲ ਮੈਂਬਰਾਂ ਵਿੱਚੋਂ 5 ਮੈਂਬਰ ਪਿਛਲੇ ਸਮੇਂ ਦੌਰਾਨ ਅਕਾਲ ਚਲਾਣਾ ਕਰ ਚੁੱਕੇ ਹਨ। ਇਸ ਕਰਕੇ 185 ਮੈਂਬਰੀ ਹਾਊਸ ਦੇ ਮੈਂਬਰ ਘਟ ਕੇ 180 ਰਹਿ ਜਾਂਦੇ ਹਨ। ਇਸ ਗਿਣਤੀ ਨੂੰ ਪੂਰਾ ਕਰਨ ਲਈ ਮੁੜ ਚੋਣ ਹੋਵੇਗੀ ਜਾਂ ਮੈਂਬਰ ਨਾਮਜ਼ਦ ਕੀਤੇ ਜਾਣਗੇ। ਇਸ ਬਾਰੇ ਹਾਲੇ ਕੋਈ ਖਬਰ ਨਹੀਂ ਹੈ। ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਧਾਨ ਤੋਂ ਲੈ ਕੇ ਸਮੁੱਚੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਤਬਦੀਲ ਕਰ ਦਿੱਤੇ ਹਨ। ਚਰਚਾਵਾਂ ਮੁਤਾਬਕ ਪ੍ਰਧਾਨ ਦੇ ਅਹੁਦੇ ਦੀ ਦੌੜ ਲਈ ਕਈ ਨਾਂ ਕਤਾਰ ਵਿੱਚ ਸਨ ਜਿਨ੍ਹਾਂ ਵਿੱਚ ਸਾਬਕਾ ਪ੍ਰਧਾਨ ਅਵਤਾਰ ਸਿੰਘ ਦਾ ਨਾਂ ਵੀ ਸ਼ਾਮਲ ਸੀ।

ਖੁਦ ਪ੍ਰਧਾਨ ਅਵਤਾਰ ਸਿੰਘ ਨੇ ਵੀ ਇੱਕ ਦਿਨ ਪਹਿਲਾਂ 'ABP SANJHA' ਨਾਲ ਗੱਲਬਾਤ ਕਰਦਿਆਂ ਖੁਦ ਨੂੰ ਮਿਲ ਰਹੀ ਹਮਾਇਤ ਦੱਸਦਿਆਂ ਮਜ਼ਬੂਤ ਦਾਅਵੇਦਾਰੀ ਦੀ ਗੱਲ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ 157 ਮੈਂਬਰਾਂ ਨੂੰ 80 ਮੈਂਬਰਾਂ ਦੀ ਉਨ੍ਹਾਂ ਨੂੰ ਹਮਾਇਤ ਹੈ। ਚੋਣ ਤੋਂ ਇੱਕ ਦਿਨ ਪਹਿਲਾਂ SAD ਪ੍ਰਧਾਨ ਸੁਖਬੀਰ ਬਾਦਲ ਵੱਲੋਂ ਸਾਰੇ ਫੈਸਲੇ ਆਪਣੇ ਹੱਥ ਵਿੱਚ ਲਏ ਜਾਣ ਤੋਂ ਬਾਅਦ ਪਾਸਾ ਪਲਟਣਾ ਮੰਨਿਆ ਜਾ ਰਿਹਾ ਹੈ। ਪਿਛਲੇ ਸਮੇਂ ਸੁਖਬੀਰ ਬਾਦਲ ਤੇ ਅਵਤਾਰ ਸਿੰਘ ਦੇ ਸਬੰਧਾਂ ਵਿੱਚ ਕਾਫੀ ਖਿੱਚੋਤਾਣ ਰਹੀ ਹੈ। ਸ਼ਾਇਦ ਇਹੀ ਕਾਰਨ ਰਿਹਾ ਕਿ ਅਵਤਾਰ ਸਿੰਘ ਖਾਲੀ ਹੱਥ ਘਰ ਪਰਤ ਗਏ। ਇਸ ਮੌਕੇ ਤੋਤਾ ਸਿੰਘ ਤੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵੀ ਪਹੁੰਚੇ ਹੋਏ ਸਨ।

2011 ਵਿੱਚ ਚੁਣੇ ਗਏ SGPC ਹਾਊਸ ਚ ਸੰਤ ਸਮਾਜ ਦੇ ਕਈ ਮੈਂਬਰ ਜੇਤੂ ਰਹੇ ਸਨ ਕਿਉਂਕਿ 2011 ਦੀਆਂ ਚੋਣਾਂ SGPC ਤੇ ਸੰਤ ਸਮਾਜ ਨੇ ਮਿਲਕੇ ਲੜੀਆਂ ਸਨ। ਅਹੁਦੇਦਾਰਾਂ ਵਿੱਚ ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ ਗੁਰਥਲੀ, ਕੁਲਵੰਤ ਸਿੰਘ ਮੰਨਣ, ਅਜਾਇਬ ਸਿੰਘ ਅਭਿਆਸੀ, ਅਵਤਾਰ ਸਿੰਘ ਵਣਾਂਵਾਲਾ ਤੋਂ ਇਲਾਵਾ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਤੇ ਭਾਈ ਰਾਮ ਸਿੰਘ ਸੰਤ ਸਮਾਜ ਦੇ ਖਾਤੇ ਵਿੱਚੋਂ ਹੀ ਹਨ।

-ਹਰਸ਼ਰਨ ਕੌਰ