ਲੁਧਿਆਣਾ: ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਮੇਟੀ ਦੀ ਪਹਿਲੀ ਬੈਠਕ ਕੀਤੀ। ਦੋਰਾਹਾ ਨੇੜੇ ਗੁਰਦਵਾਰਾ ਕਟਾਣਾ ਸਾਹਿਬ ਵਿਖੇ ਹੋਈ ਇਸ ਬੈਠਕ ਵਿੱਚ ਕਈ ਫੈਸਲੇ ਲਏ ਗਏ। ਇਨ੍ਹਾਂ ਵਿੱਚ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰਮਤਿ ਦੇ ਪ੍ਰਚਾਰ ਲਈ ਸੋਸ਼ਲ ਮੀਡੀਆ ਵਿੰਗ ਸਥਾਪਤ ਕਰਨ ਦੀ ਗੱਲ ਕਹੀ ਤੇ ਕਮੇਟੀ ਦੇ ਮੁਲਾਜ਼ਮਾਂ ਦੇ ਨਾਲ ਨਾਲ ਸੰਗਤ ਲਈ ਵੀ ਕਈ ਐਲਾਨ ਕੀਤੇ ਗਏ।
ਮੀਟਿੰਗ ਵਿੱਚ ਲੌਂਗੋਵਾਲ ਨੇ ਬੀਤੇ ਸਮੇਂ ਦੀਆਂ ਕੁਝ ਵਿਵਾਦਤ ਨਿਯੁਕਤੀਆਂ ਦੀ ਪੜਤਾਲ ਕਰਨ ਲਈ ਨਵੀਂ ਸਬ-ਕਮੇਟੀ ਬਣਾ ਦਿੱਤੀ ਹੈ, ਜੋ 15 ਦਿਨਾਂ ਵਿੱਚ ਆਪਣੀ ਰਿਪੋਰਟ ਤਿਆਰ ਕਰਕੇ ਦੇਵੇਗੀ। ਹਾਲਾਂਕਿ, ਮੀਟਿੰਗ ਵਿੱਚ ਬੀਤੇ ਸਮੇਂ ਸਕੱਤਰ ਦੇ ਅਹੁਦੇ ਲਈ ਹੋਈ ਵਿਵਾਦਤ ਨਿਯੁਕਤੀ ਵਿੱਚ ਹਰਚਰਨ ਸਿੰਘ ਦਾ ਨਾਂ ਨਹੀਂ ਲਿਆ ਗਿਆ। ਬੈਠਕ ਵਿੱਚ ਹਰ ਸਾਲ 22 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਮਿਤ ਲੜੀਵਾਰ ਜਪੁਜੀ ਸਾਹਿਬ ਦੇ ਪਾਠ ਗਾਇਨ ਕਰਕੇ ਗੁਰਬਾਣੀ ਦਿਵਸ ਮਨਾਇਆ ਜਾਵੇਗਾ।
ਪ੍ਰਧਾਨ ਨੇ ਗੁਰੂ ਘਰਾਂ ਦੇ ਪ੍ਰਬੰਧ ਨੂੰ ਦਰੁਸਤ ਕਰਨ 'ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਆਪਣੇ ਵਿਦਿਅਕ ਅਦਾਰਿਆਂ ਬਾਰੇ ਵੀ ਉਚੇਚਾ ਧਿਆਨ ਦਿੱਤਾ ਜਾਵੇਗਾ ਤੇ ਗੁਰੂ ਘਰਾਂ ਤੇ ਵਿਦਿਅਕ ਅਦਾਰਿਆਂ ਵਿੱਚ ਅਮਲੇ ਦੀ ਘਾਟ ਨੂੰ ਪੂਰਾ ਕੀਤਾ ਜਾਵੇਗਾ। ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਵਸੀਲਿਆਂ ਦੀ ਘਾਟ ਕਾਰਨ ਗੁਰਧਾਮਾਂ ਦੇ ਦਰਸ਼ਨਾਂ ਤੋਂ ਵਾਂਝੀ ਰਹਿ ਜਾਣ ਵਾਲੀ ਸੰਗਤ ਲਈ ਹਰਿਆਣਾ ਤੇ ਪੰਜਾਬ ਦੇ ਵੱਖ-ਵੱਖ ਹਿੱਸਿਆ ਤੋਂ ਮੁਫਤ ਬੱਸ ਸੇਵਾ ਸ਼ੁਰੂ ਕੀਤੀ ਜਾਵੇਗੀ। ਇਸ 'ਤੇ ਲੌਂਗੋਵਾਲ ਨੇ ਫਰਾਖ਼ਦਿਲੀ ਵਿਖਾਉਂਦਿਆਂ ਕਿਹਾ ਕਿ ਜੇਕਰ ਲੋੜ ਪਈ ਤਾਂ ਨਵੀਆਂ ਬੱਸਾਂ ਵੀ ਖ਼ਰੀਦ ਲਈਆਂ ਜਾਣਗੀਆਂ।
ਮੀਟਿੰਗ ਵਿੱਚ ਭਗਤ ਪੂਰਨ ਸਿੰਘ ਪਿੰਗਲਵਾੜਾ ਸੰਸਥਾ ਨੂੰ ਕਮੇਟੀ ਤਰਫੋਂ 15 ਲੱਖ ਰੁਪਏ ਦਾਨ ਦੇਣ ਦਾ ਫੈਸਲਾ ਵੀ ਕੀਤਾ ਗਿਆ। ਇਸ ਤੋਂ ਇਲਾਵਾ ਬੱਚਿਆਂ ਲਈ ਖੇਡ ਅਕੈਡਮੀਜ਼ ਬਣਾਉਣ ਦਾ ਪ੍ਰਸਤਾਵ ਵੀ ਰੱਖਿਆ ਗਿਆ। ਇਸ ਤੋਂ ਇਲਾਵਾ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਬਾਬਾ ਹਜ਼ਾਰਾ ਸਿੰਘ, ਗਿਆਨੀ ਬਾਦਲ ਸਿੰਘ, ਭਾਈ ਗਨੀ ਖ਼ਾਨ-ਭਾਈ ਨਬੀ ਖ਼ਾਨ, ਭਾਈ ਹਰੀ ਸਿੰਘ ਸ਼੍ਰੋਮਣੀ ਰਾਗੀ ਸਮੇਤ ਕਈ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਸਥਾਪਤ ਕਰਨ ਦਾ ਪ੍ਰਸਤਾਵ ਵੀ ਪਾਸ ਹੋਇਆ।