ਅੰਮ੍ਰਿਤਸਰ: 1984 ਦੀ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਾਲੇ ਗਵਾਹਾਂ ਤੇ ਵਕੀਲਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਕੀਤੇ ਗਏ ਵਿਸ਼ੇਸ਼ ਸਮਾਗਮ ਦੌਰਾਨ ਸਨਮਾਨਤ ਕੀਤਾ। ਸਮਾਗਮ ਦੌਰਾਨ ਰਾਜੀਵ ਗਾਂਧੀ 'ਤੇ ਕੇਸ ਦਰਜ ਕਰਨ ਤੇ ਕੌਮੀ ਸਨਮਾਨ ਵਾਪਸ ਲੈਣ ਦੀ ਮੰਗ ਵੀ ਉੱਠੀ। ਕਮੇਟੀ ਨੇ ਗਵਾਹਾਂ ਤੇ ਵਕੀਲਾਂ ਨੇ ਸਿਰੋਪਾਓ, ਸ੍ਰੀ ਸਾਹਿਬ, ਚਾਂਦੀ ਦੀ ਤਸ਼ਤਰੀ ਤੇ ਚਾਂਦੀ ਦੇ ਯਾਦਗਾਰੀ ਸਿੱਕੇ ਭੇਟ ਕੀਤੇ।

ਸਨਮਾਨਿਤ ਕੀਤੇ ਗਏ ਸੱਤ ਗਵਾਹਾਂ ਵਿੱਚ ਜਗਦੀਸ਼ ਕੌਰ, ਨਿਰਪ੍ਰੀਤ ਕੌਰ, ਜਗਸ਼ੇਰ ਸਿੰਘ, ਕੁਲਦੀਪ ਸਿੰਘ, ਸੰਤੋਖ ਸਿੰਘ, ਸੰਗਤ ਸਿੰਘ ਤੇ ਸੁਰਜੀਤ ਸਿੰਘ ਸ਼ਾਮਲ ਸਨ। ਗਵਾਹਾਂ ਦੇ ਨਾਲ-ਨਾਲ ਵਕੀਲ ਆਰ.ਐਸ. ਚੀਮਾ, ਹਰਵਿੰਦਰ ਸਿੰਘ ਫੂਲਕਾ, ਡੀ.ਪੀ. ਸਿੰਘ, ਤਰੰਨੁਮ ਚੀਮਾ, ਗੁਰਬਖਸ਼ ਸਿੰਘ, ਜਸਵਿੰਦਰ ਸਿੰਘ ਤੇ ਕਾਮਨਾ ਵੋਹਰਾ ਨੂੰ ਵੀ ਵਿਸ਼ੇਸ਼ ਸਨਮਾਨ ਮਿਲਿਆ।

ਪੰਜ ਸਿੱਖਾਂ ਦੇ ਕਤਲ ਮਾਮਲੇ ਵਿੱਚ ਸੱਜਣ ਕੁਮਾਰ ਤੇ ਹੋਰਾਂ ਨੂੰ ਸਜ਼ਾ ਦਿਵਾਉਣ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੀ ਜਗਦੀਸ਼ ਕੌਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਰਾਜੀਵ ਗਾਂਧੀ ਖਿਲਾਫ ਪਰਚਾ ਦਰਜ ਕਰਨ ਅਤੇ ਭਾਰਤ ਰਤਨ ਵੀ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਗੋਬਿੰਦ ਸਿੰਘ ਲੌਂਗੋਵਾਲ ਅਤੇ ਸੁਖਬੀਰ ਬਾਦਲ ਨੇ 1984 ਸਿੱਖ ਕਤਲੇਆਮ ਬਾਰੇ ਕਾਂਗਰਸ ਸਰਕਾਰ ਨੂੰ ਰਗੜੇ ਲਾਉਂਦਿਆਂ ਕਿਹਾ ਕਿ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਤਕ ਸਿੱਖ ਕੌਮ ਵੱਲੋਂ ਸੰਘਰਸ਼ ਜਾਰੀ ਰੱਖਿਆ ਜਾਵੇਗਾ।