ਜਲੰਧਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਾਰੀ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਨੂੰ ਹਰਾਉਣ ਦੀ ਵਕਾਲਤ ਕੀਤੀ ਹੈ। ਮੰਡ ਨੇ ਕਿਹਾ ਕਿ ਪੰਜਾਬ ਵਿੱਚ ਤੀਜਾ ਰਾਜਸੀ ਬਦਲ ਬਣਨ ਦੀਆਂ ਸੰਭਾਵਨਾਵਾਂ ਮੌਜੂਦ ਹਨ ਤੇ ਬਰਗਾੜੀ ਮੋਰਚੇ ਦੇ ਇਕੱਠ ਤੋਂ ਇਨ੍ਹਾਂ ਦੀ ਝਲਕ ਸਾਫ ਦਿਖਾਈ ਦਿੰਦੀ ਹੈ। ਇਸ ਤੋਂ ਇਲਾਵਾ ਮੰਡ ਨੇ ਕੋਟਕਪੂਰਾ ਗੋਲ਼ੀਕਾਂਡ ਦੇ ਮੁਲਜ਼ਮ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਗ੍ਰਿਫ਼ਤਾਰ ਦੀ ਮੰਗ ਵੀ ਕੀਤੀ।
ਸ਼ੁੱਕਰਵਾਰ ਨੂੰ ਜਲੰਧਰ ਵਿੱਚ ਪ੍ਰੈਸ ਕਾਨਫ਼ਰੰਸ ਦੌਰਾਨ ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਤੇ ਕਾਂਗਰਸ ਨੂੰ ਹਰਾਉਣ ਲਈ ਤੀਜੇ ਬਦਲ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਡੈਮੋਕਰੈਟਿਕ ਅਲਾਇੰਸ ਅਤੇ ਹੋਰ ਹਮਖਿਆਲੀ ਪਾਰਟੀਆਂ ਨੂੰ ਇੱਕ ਮੰਚ ’ਤੇ ਲਿਆਉਣ ਲਈ ਉਹ ਤਿਆਰ ਹਨ। ਉਨ੍ਹਾਂ ਮੁਤਾਬਕ 'ਆਪ' ਤੇ ਬਸਪਾ ਨੂੰ ਵੀ ਇਸ ਗੱਠਜੋੜ ’ਚ ਸ਼ਾਮਲ ਹੋਣਾ ਚਾਹੀਦਾ ਹੈ।
ਉਨ੍ਹਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਬਹਿਬਲ ਕਲਾਂ ਗੋਲ਼ੀਕਾਂਡ ਦੀ ਐੱਫਆਈਆਰ ਵਿੱਚ ਨਾਮਜ਼ਦ ਪੁਲਿਸ ਅਧਿਕਾਰੀਆਂ ਦੀ ਰਿੱਟ ਪਟੀਸ਼ਨ ਖਾਰਜ ਕਰਨ ਤੋਂ ਬਾਅਦ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਪੁਲੀਸ ਅਧਿਕਾਰੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰੇ ਜਾਂ ਫਿਰ ਸਿੱਖਾਂ ਦੇ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹੇ।
ਜ਼ਿਕਰਯੋਗ ਹੈ ਕਿ ਇਨ੍ਹਾਂ ਪੁਲੀਸ ਅਧਿਕਾਰੀਆਂ ਨੇ ਹਾਈ ਕੋਰਟ ਵਿਚ ਰਿੱਟ ਪਟੀਸ਼ਨ ਦਾਇਰ ਕੀਤੀ ਸੀ ਕਿ ਇਸ ਮਾਮਲੇ ਦੀ ਆਜ਼ਾਦਾਨਾ ਜਾਂਚ ਕਰਵਾਉਣ ਲਈ ਇਹ ਮਾਮਲਾ ਸੀਬੀਆਈ ਦੇ ਹਵਾਲੇ ਕੀਤਾ ਜਾਵੇ। ਹਾਈ ਕੋਰਟ ਨੇ ਇਨ੍ਹਾਂ ਅਧਿਕਾਰੀਆਂ ਦੀ ਪਟੀਸ਼ਨ ਅੱਜ ਖਾਰਜ ਕਰ ਦਿੱਤੀ ਹੈ।
ਮੰਡ ਨੇ ਕਿਹਾ ਕਿ ਬਰਗਾੜੀ ਮੋਰਚੇ ਦੇ ਅਗਲੇ ਪੜਾਅ ਲਈ 27 ਜਨਵਰੀ ਨੂੰ ਵਿਚਾਰ ਚਰਚਾ ਕੀਤੀ ਜਾਵੇਗੀ। ਇਹ ਵਿਚਾਰ ਚਰਚਾ ਸਰਬੱਤ ਖ਼ਾਲਸਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਥਾਪੇ ਗਏ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਸੱਦੇ ’ਤੇ ਕੀਤੀ ਜਾ ਰਹੀ ਹੈ। ਧਿਆਨ ਸਿੰਘ ਮੰਡ ਨੇ ਨੌਂ ਦਸੰਬਰ 2018 ਨੂੰ ਬਰਗਾੜੀ ਮੋਰਚੇ ਦੀ ਕੀਤੀ ਸਮਾਪਤੀ ਮਗਰੋਂ ਚੁੱਪ ਤੋੜਦਿਆਂ ਕਿਹਾ ਕਿ ਲੋਕਾਂ ਦੇ ਮਨਾਂ ਵਿੱਚ ਗ਼ਲਤ ਧਾਰਨਾ ਬਿਠਾਈ ਗਈ ਹੈ ਕਿ ਬਰਗਾੜੀ ਮੋਰਚੇ ਨੇ ਕੁਝ ਵੀ ਹਾਸਲ ਨਹੀਂ ਕੀਤਾ।