ਚੰਡੀਗੜ੍ਹ: ਆਮ ਆਦਮੀ ਪਾਰਟੀ ਤੋਂ ਮੁਅੱਤਲ ਕੀਤੇ ਫਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਹਰਿੰਦਰ ਸਿੰਘ ਖ਼ਾਲਸਾ ਨੇ ਕਿਹਾ ਹੈ ਕਿ ਉਹ ਪਾਰਟੀ ਤੋਂ ਬਾਗੀ ਨਹੀਂ ਹੋਏ, ਬਲਕਿ ਪਾਰਟੀ ਖ਼ੁਦ ਉਨ੍ਹਾਂ ਨਾਲ ਬਾਗੀ ਹੋ ਗਈ ਸੀ। ਉਨ੍ਹਾਂ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦਾ ਵਜੂਦ ਖ਼ਤਰੇ ਵਿੱਚ ਹੈ। ਉਨ੍ਹਾਂ ਦੱਸਿਆ ਕਿ ਉਹ ‘ਆਪ’ ਵਿੱਚ ਸ਼ਾਮਲ ਨਹੀਂ ਹੋ ਸਕਦੇ ਪਰ ਜੇ ਕੋਈ ਹੋਰ ਪਾਰਟੀ ਹੋਈ ਤਾਂ ਆਉਣ ਵਾਲੇ ਸਮੇਂ ਤੇ ਹਾਲਾਤ ਦੇ ਮੁਤਾਬਕ ਉਹ ਆਜ਼ਾਦ ਚੋਣ ਲੜ ਸਕਦੇ ਹਨ।
ਉਨ੍ਹਾਂ ਕਿਹਾ ਕਿ ‘ਆਪ’ ਕਹਿੰਦੀ ਕੁਝ ਹੋਰ ਹੈ ਤੇ ਕਰਦੀ ਕੁਝ ਹੋਰ ਹੈ। ਖ਼ਾਲਸਾ ਨੇ ਕਿਹਾ ਕਿ ਕਾਂਗਰਸ ਦੀ ਗੱਲ ਕੀਤੀ ਜਾਏ ਤਾਂ ਕਾਂਗਰਸ ਨੇ ਸਿੱਖਾਂ ਦਾ ਕਤਲੇਆਮ ਕੀਤਾ, ਇਸ ਲਈ ਉਨ੍ਹਾਂ ਨਾਲ ਖੜ੍ਹੇ ਹੋਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਲਈ ਉਹ ਆਜ਼ਾਦ ਚੋਣ ਲੜ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ ਆਪ ਇੱਕ ਸਿੱਖ ਹਨ ਤੇ ਕਾਂਗਰਸ ਨੇ ਕਦੀ ਸਿੱਖਾਂ ਦੀ ਹਮਾਇਤ ਨਹੀਂ ਕੀਤੀ। ਪਹਿਲਾਂ ਸਾਬਕਾ ਪੀਐਮ ਇੰਦਰਾ ਗਾਂਧੀ ਸਖ਼ਤ ਫੈਸਲੇ ਲੈਂਦੇ ਸੀ ਤੇ ਹੁਣ ਨਰੇਂਦਰ ਮੋਦੀ ਲੈਂਦੇ ਹਨ।
ਇਸ ਮੌਕੇ ਉਨ੍ਹਾਂ ਭਗਵੰਤ ਮਾਨ ਦੇ ਸ਼ਰਾਬ ਛੱਡਣ ਬਾਰੇ ਚੁਟਕੀ ਲੈਂਦਿਆਂ ਕਿਹਾ ਕਿ ਮਾਨ ਨੇ ਉਨ੍ਹਾਂ ਦੀ ਗੱਲ ਨੂੰ ਸੱਚ ਸਾਬਿਤ ਕੀਤਾ ਹੈ ਕਿ ਉਹ ਸ਼ਰਾਬ 'ਚ ਗਲਤਾਨ ਹਨ, ਜੇ ਨਾ ਹੁੰਦੇ ਤਾਂ ਸ਼ਰਾਬ ਕਿਵੇਂਛੱਡਦੇ?
ਇਸ ਮੌਕੇ ਸਾਂਸਦ ਹਰਿੰਦਰ ਸਿੰਘ ਖ਼ਾਲਸਾ ਖੰਨਾ ਦੇ ਸਰਕਾਰੀ ਸਕੂਲ ਵਿੱਚ ਸਮਾਰਟ ਕਲਾਸ ਦਾ ਉਦਘਾਟਨ ਕਰਨ ਲਈ ਪੁੱਜੇ ਸਨ। ਉਦਘਾਟਨ ਦੇ ਨਾਲ-ਨਾਲ ਉਨ੍ਹਾਂ ਪੰਜਾਬੀ ਦੇ ਅਧਿਆਪਕਾਂ ਦੀ ਝਾੜਝੰਬ ਵੀ ਕੀਤੀ।