ਚੰਡੀਗੜ੍ਹ: ਲਗਪਗ 11 ਅਰਬ ਦੇ ਬਜਟ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਲਾਜ਼ਮ ਵਰਗ ਇਨ੍ਹੀਂ ਦਿਨੀਂ ਨਾਰਾਜ਼ਗੀ ਦੇ ਆਲਮ ਵਿੱਚ ਚੱਲ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਪਿਛਲੇ ਤਿੰਨ ਸਾਲਾਂ ਤੋਂ ਗੁਰਦੁਆਰਾ ਪ੍ਰਬੰਧ ਨੂੰ ਚਲਾਉਣ ਲਈ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਵਾਧਾ ਨਹੀਂ ਕੀਤਾ ਗਿਆ। ਅਵਤਾਰ ਸਿੰਘ ਮੱਕੜ ਦੇ ਕਾਰਜਕਾਲ ਦੌਰਾਨ ਹੀ ਆਖਰੀ ਵਾਧਾ ਕੀਤਾ ਗਿਆ ਸੀ।


ਅੱਜ ਜਿੱਥੇ ਦੇਸ਼ ਵਿੱਚ ਸੱਤਵੇਂ ਪੇਅ ਕਮਿਸ਼ਨ ਦੀਆਂ ਗੱਲਾਂ ਚੱਲ ਰਹੀਆਂ ਹਨ, ਉੱਥੇ ਕਮੇਟੀ ਅਧੀਨ ਆਉਂਦੇ ਗੁਰਦੁਆਰਿਆਂ ਵਿੱਚ ਸੇਵਾ ਕਰਦੇ ਸੇਵਾਦਾਰ ਵਰਗ ਦੀ ਸ਼ੁਰੂਆਤੀ ਤਨਖ਼ਾਹ ਮਸਾਂ 6 ਤੋਂ 8 ਹਜ਼ਾਰ ਦੇ ਕਰੀਬ ਹੈ। ਕਈਆਂ ਦੀ ਤਨਖ਼ਾਹ ਤਾਂ ਇਸ ਤੋਂ ਵੀ ਘੱਟ ਹੈ। ਇਹ ਸੇਵਾਦਾਰ ਗੁਰਦੁਆਰਾ ਸਾਹਿਬ ਦੀ ਟੇਕ ’ਤੇ ਹੀ ਆਪਣਾ ਗੁਜ਼ਾਰਾ ਕਰ ਰਹੇ ਹਨ।

ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਪੇਅ ਸਕੇਲ ਵੀ ਨਾਂਮਾਤਰ ਹੀ ਹਨ। ਮੁਲਾਜ਼ਮਾਂ ਨੂੰ ਇੰਨੇ ਵਿੱਚ ਹੀ ਸਬਰ ਕਰਨਾ ਪੈਂਦਾ ਹੈ। ਉੱਤੋਂ ਪਿਛਲੇ 3 ਸਾਲਾਂ ਤੋਂ ਤਨਖਾਹਾਂ ਵਿੱਚ ਵਾਧਾ ਨਾ ਹੋਣ ਕਰ ਕੇ ਮੁਲਾਜ਼ਮਾਂ ਨੂੰ ਬੇਹੱਦ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕੱਲ੍ਹ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਤਨਖ਼ਾਹਾਂ ਵਧਣ ਦੀ ਆਸ ਸੀ ਪਰ ਮੀਟਿੰਗ ਵਿੱਚ ਕੇਵਲ ਐਸਐਸ ਕੋਹਲੀ ਐਂਡ ਐਸੋਸੀਏਟ ਕੰਪਨੀ ਦੇ ਸੇਵਾਕਾਲ ਤੇ ਮਹਿਨਤਾਨੇ ਵਿੱਚ ਹੀ ਵਾਧਾ ਕੀਤਾ ਗਿਆ। ਇਸ ਮੀਟਿੰਗ ਬਾਅਦ ਵੀ ਮੁਲਾਜ਼ਮਾਂ ਨੂੰ ਮਾਯੂਸੀ ਝੱਲਣੀ ਪਈ। ਜਾਣਕਾਰੀ ਮੁਤਾਬਕ ਕਮੇਟੀ ਹਰ ਵਰ੍ਹੇ ਇਸ ਕੰਪਨੀਂ ਨੂੰ ਇੱਕ ਕਰੋੜ ਰੁਪਏ ਦਾ ਭੁਗਤਾਨ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਸੈਕਸ਼ਨ 85 ਦੇ ਅਧੀਨ ਆਉਂਦੇ ਸਾਰੇ ਗੁਰਦੁਆਰਿਆਂ ਦੇ ਪ੍ਰਬੰਧਾਂ ਨੂੰ ਸਰਕਾਰ ਨੋਟੀਫਾਈਡ ਕਰਦੀ ਹੈ ਅਤੇ ਉਸ ਵੱਲੋਂ ਮੁਲਾਜ਼ਮ ਵਰਗ ਦੀਆਂ ਤਨਖ਼ਾਹਾਂ ਦਾ ਧਿਆਨ ਰੱਖਣ ਬਾਰੇ ਵੀ ਹਦਾਇਤਾਂ ਹੁੰਦੀਆਂ ਹਨ। ਇਸ ਬਾਰੇ ਕਮੇਟੀ ਮੁਲਾਜ਼ਮਾਂ ਨੇ ਕਿਹਾ ਕਿ ਉਹ ਨੌਕਰੀ ਦੇ ਡਰ ਤੋਂ ਉਹ ਆਵਾਜ਼ ਨਹੀ ਚੁੱਕ ਸਕਦੇ।