ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਲ 2018-19 ਲਈ 11 ਅਰਬ 59 ਕਰੋੜ 67 ਲੱਖ ਰੁਪਏ ਦਾ ਬਜਟ ਪਾਸ ਕਰ ਦਿੱਤਾ ਹੈ। ਇਸ ਵਾਰ ਕਮੇਟੀ ਨੇ ਬਜਟ ਦਾ ਵੱਡਾ ਹਿੱਸਾ ਧਰਮ ਪ੍ਰਚਾਰ ਦੇ ਨਾਲ-ਨਾਲ ਵਿੱਦਿਆ ਦੇ ਪਸਾਰ ਲਈ ਵੀ ਕੱਢਿਆ ਹੈ। ਬਜਟ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ. ਗੁਰਬਚਨ ਸਿੰਘ ਕਰਮੂੰਵਾਲਾ ਨੇ ਪੇਸ਼ ਕੀਤਾ, ਜਿਸ ਨੂੰ ਹਾਜ਼ਰ ਮੈਬਰਾਂ ਨੇ ਜੈਕਾਰੇ ਨਾਲ ਕੇ ਪ੍ਰਵਾਨਗੀ ਦਿੱਤੀ। ਬਜਟ ਦੇ ਮੁੱਖ ਬਿੰਦੂ:
  • ਇਤਿਹਾਸਕ ਗੁਰਦੁਆਰਾ ਸਾਹਿਬਾਨ (ਗੁਰਦੁਆਰਾ ਸਾਹਿਬਾਨ ਸੈਕਸ਼ਨ-85 ਤੇ ਸਿੱਧੇ ਤੇ ਅਟੈਚ ਪ੍ਰਬੰਧ ਵਾਲੇ) ਦੇ ਲਈ 6 ਅਰਬ 88 ਕਰੋੜ 94 ਲੱਖ ਰੁਪਏ
  • ਵਿਦਿਅਕ ਅਦਾਰਿਆਂ (ਸਕੂਲਾਂ/ਕਾਲਜਾਂ) ਲਈ 2 ਅਰਬ 28 ਕਰੋੜ ਰੁਪਏ, ਵਿੱਦਿਆ ਫੰਡ ਲਈ 36 ਕਰੋੜ 50 ਲੱਖ ਰੁਪਏ
  • ਧਰਮ ਪ੍ਰਚਾਰ ਕਮੇਟੀ ਲਈ 76 ਕਰੋੜ ਰੁਪਏ
  • ਜਨਰਲ ਬੋਰਡ ਫੰਡ ਲਈ 66 ਕਰੋੜ 25 ਲੱਖ ਰੁਪਏ
  • ਟਰੱਸਟ ਫੰਡ ਲਈ 56 ਕਰੋੜ ਰੁਪਏ
  • ਕੈਂਸਰ ਪੀੜਤਾਂ ਲਈ ਇਸ ਵਾਰ 9 ਕਰੋੜ 50 ਲੱਖ ਰੁਪਏ
  • ਪ੍ਰਿੰਟਿੰਗ ਪ੍ਰੈਸਾਂ ਲਈ 7 ਕਰੋੜ 98 ਲੱਖ ਰੁਪਏ
  ਬਜਟ ਇਜਲਾਸ ਦੀ ਆਰੰਭਤਾ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਇਜਲਾਸ ਦੀ ਅਗਲੀ ਕਾਰਵਾਈ ਦਾ ਸੱਦਾ ਦਿੱਤਾ, ਜਿਸ ’ਤੇ ਭਾਈ ਲੌਂਗੋਵਾਲ ਨੇ ਸ਼੍ਰੋਮਣੀ ਕਮੇਟੀ ਮੈਂਬਰ ਸ. ਸੁਰਜੀਤ ਸਿੰਘ ਕਾਲਾਬੂਲਾ, ਸ. ਮਨਜੀਤ ਸਿੰਘ ਕਲਕੱਤਾ ਅਤੇ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਦੇ ਅਕਾਲ ਚਲਾਣੇ ਸਬੰਧੀ ਸ਼ੋਕ ਮਤੇ ਪੜ੍ਹੇ। ਇਜਲਾਸ ਤੋਂ ਬਾਅਦ ਪ੍ਰੈੱਸ ਨਾਲ ਗੱਲਬਾਤ ਦੌਰਾਨ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਧਰਮ ਪ੍ਰਚਾਰ ਲਹਿਰ ਨੂੰ ਹੋਰ ਪ੍ਰਫੁੱਲਤ ਕਰਨ ਲਈ 16 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਵਰ੍ਹੇ ਦੀ ਧਰਮ ਪ੍ਰਚਾਰ ਲਹਿਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੀ ਗਈ ਹੈ ਤੇ ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਜਿੱਥੇ ਵਿਸ਼ੇਸ਼ ਗੁਰਮਤਿ ਸਮਾਗਮਾਂ ਦਾ ਪ੍ਰਬੰਧ ਕਰੇਗੀ ਉੱਥੇ ਹੀ ਸੁਲਤਾਨਪੁਰ ਲੋਧੀ ਵਿਖੇ ਯਾਦਗਾਰਾਂ ਅਤੇ ਵੱਖ-ਵੱਖ ਮਾਰਗਾਂ ’ਤੇ ਯਾਦਗਾਰੀ ਗੇਟ ਉਸਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੱਛੜੇ ਇਲਾਕਿਆਂ ਵਿਚ ਮੁੱਢਲੀਆਂ ਮੈਡੀਕਲ ਸਹੂਲਤਾਂ ਦੇਣ ਲਈ ਮੈਡੀਕਲ ਵੈਨਾਂ ਅਤੇ ਹੋਰ ਗੱਡੀਆਂ ਖ੍ਰੀਦਣ ਲਈ 90 ਲੱਖ ਰੁਪਏ ਰੱਖੇ ਗਏ ਹਨ। ਇਸ ਤੋਂ ਇਲਾਵਾ ਮੈਡੀਕਲ ਵੈਨਾਂ ਵਿਚ ਡਾਕਟਰੀ ਸਹੂਲਤਾਂ ਤੇ ਦਵਾਈਆਂ ਲਈ ਵੀ 25 ਲੱਖ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਇਸੇ ਤਰ੍ਹਾਂ ਸਿੱਖ ਧਰਮ ਨਾਲ ਜੁੜੇ ਸਿਕਲੀਗਰ ਤੇ ਵਣਜਾਰੇ ਸਿੱਖਾਂ ਦੀ ਸਹਾਇਤਾ ਲਈ 80 ਲੱਖ ਰੁਪਏ ਖਰਚੇ ਜਾਣਗੇ। ਭਾਈ ਲੌਂਗੋਵਾਲ ਨੇ ਦੱਸਿਆ ਕਿ ਬਜਟ ਵਿੱਚ ਕੁਦਰਤੀ ਆਫਤਾਂ ਲਈ 61 ਲੱਖ ਰੁਪਏ, ਖ਼ਾਲਸਾਈ ਖੇਡਾਂ ਅਤੇ ਸਾਬਤ ਸੂਰਤ ਸਿੱਖ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ 63 ਲੱਖ ਰੁਪਏ, ਸਿੱਖ ਇਤਿਹਾਸ ਦੀ ਖੋਜ ਅਤੇ ਛਪਾਈ ਲਈ 65 ਲੱਖ ਰੁਪਏ ਰੱਖੇ ਗਏ ਹਨ। ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਨਵੀਨੀਕਰਨ, ਕੰਪਿਊਟਰੀ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਲਈ 25 ਲੱਖ ਰੁਪਏ, ਪੰਥਕ ਵਿਦਵਾਨਾਂ ਅਤੇ ਧਾਰਮਿਕ ਸ਼ਖ਼ਸੀਅਤਾਂ ਦੇ ਸਨਮਾਨ ਲਈ 50 ਲੱਖ ਰੁਪਏ, ਸ਼ਹੀਦ ਅਤੇ ਜ਼ਖ਼ਮੀ ਸਿੰਘਾਂ ਦੇ ਪਰਿਵਾਰਾਂ ਲਈ 35 ਲੱਖ ਰੁਪਏ, 1984 ਦੇ ਪੀੜ੍ਹਤ ਸਿੱਖਾਂ ਦੇ ਬੱਚਿਆਂ ਨੂੰ ਉਚੇਰੀ ਸਿੱਖਿਆ ਲਈ 30 ਲੱਖ ਰੁਪਏ ਰੱਖੇ ਗਏ ਹਨ। ਆਈ.ਏ.ਐਸ., ਆਈ.ਪੀ.ਐਸ. ਲਈ ਇੱਕ-ਇੱਕ ਲੱਖ ਤੇ ਪੀ.ਸੀ.ਐਸ., ਪੀ.ਪੀ.ਐਸ. ਅਧਿਕਾਰੀ ਚੁਣੇ ਜਾਣ ਵਾਲੇ ਸਾਬਤ ਸੂਰਤ ਸਿੱਖ ਨੌਜਵਾਨਾਂ ਲਈ ਪੰਝਤਰ-ਪੰਝਤਰ ਹਜ਼ਾਰ ਰੁਪਏ ਦੇ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਗੱਲਬਾਤ ਦੌਰਾਨ ਇਹ ਵੀ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤ ਦੀ ਵੱਧ ਰਹੀ ਆਮਦ ਨੂੰ ਮੁੱਖ ਰੱਖਦਿਆਂ ਹੋਇਆਂ ਇੱਕ ਹਜ਼ਾਰ ਕਮਰਿਆਂ ਦੀ ਸਰਾਂ ਬਣਾਈ ਜਾਵੇਗੀ, ਜਿਸ ਲਈ ਵਿਸ਼ੇਸ਼ ਫੰਡ ਰੱਖੇ ਗਏ ਹਨ।