ਲਾਹੌਰ: ਸ਼ਹੀਦ ਭਗਤ ਸਿੰਘ ਭਾਰਤ ਹੀ ਨਹੀਂ ਪਾਕਿਸਤਾਨ ਦੇ ਵੀ ਹੀਰੋ ਹਨ। ਗੁਆਂਢੀ ਮੁਲਕ ਵਿੱਚ ਪਿਛਲੇ ਦਿਨੀਂ ਜਿੱਥੇ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ, ਉੱਥੇ ਉਨ੍ਹਾਂ ਵਿਰੁੱਧ ਅੰਗਰੇਜਾਂ ਵੱਲੋਂ ਚਲਾਏ ਮੁਕੱਦਮੇ ਦੇ ਰਿਕਾਰਡ ਦੀ ਪਹਿਲੀ ਵਾਰ ਪ੍ਰਦਰਸ਼ਨੀ ਲਾਈ ਗਈ।


ਤਕਰੀਬਨ 87 ਸਾਲ ਬਾਅਦ ਮੁਕੱਦਮੇ ਦੇ ਰਿਕਾਰਡ ਦੀ ਲਾਹੌਰ ਦੇ ਆਨਾਰਕਲੀ ਮਕਬਰੇ ਵਿੱਚ ਲਾਈ ਗਈ ਪ੍ਰਦਰਸ਼ਨੀ ਨੂੰ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ। ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਅੰਗਰੇਜ਼ ਪੁਲਿਸ ਅਧਿਕਾਰੀ ਜੌਹਨ ਪੀ ਸਾਂਡਰਸ ਨੂੰ ਗੋਲੀਆਂ ਮਾਰ ਕੇ ਮਾਰ ਦੇਣ ਦੇ ਦੋਸ਼ ਵਿੱਚ ਫਾਂਸੀ ਦਿੱਤੀ ਗਈ ਸੀ।

ਪਾਕਿਸਤਾਨ ਪੁਰਾਤੱਤਵ ਵਿਭਾਗ ਦੇ ਡਾਇਰੈਕਟਰ ਅੱਬਾਸ ਚੁਗਤਾਈ ਨੇ ਦੱਸਿਆ ਕਿ ਉਨ੍ਹਾਂ ਨੇ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਸੁਖਦੇਵ ਤੇ ਰਾਜਗੁਰੂ ਨਾਲ ਸਬੰਧਤ ਸਾਰਾ ਰਿਕਾਰਡ ਪ੍ਰਦਰਸ਼ਿਤ ਕੀਤਾ ਹੈ। ਭਗਤ ਸਿੰਘ ਵਿਰੁੱਧ ਚਲਾਏ ਮੁਕੱਦਮੇ ਨੂੰ ‘ਲਾਹੌਰ ਸਾਜਿਸ਼ ਕੇਸ’ ਵਜੋਂ ਜਾਣਿਆਂ ਜਾਂਦਾ ਹੈ।

ਲੋਕਾਂ ਦੇ ਹੁੰਗਾਰੇ ਨੂੰ ਦੇਖਦਿਆਂ ਪ੍ਰਦਰਸ਼ਨੀ ਦਾ ਸਮਾਂ ਐਤਵਾਰ ਤੱਕ ਵਧਾ ਦਿੱਤਾ ਗਿਆ ਹੈ। ਪ੍ਰਦਰਸ਼ਨੀ ਵਿੱਚ 50 ਦੇ ਕਰੀਬ ਦਸਤਾਵੇਜਾਂ ਤੇ ਅਖ਼ਬਾਰਾਂ ਦੀਆਂ ਕਾਤਰਾਂ ਨੂੰ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ 23 ਸਾਲ ਦੀ ਉਮਰ ਵਿੱਚ 23 ਮਾਰਚ 1931 ਨੂੰ ਫਾਂਸੀ ਲਾਈ ਗਈ ਸੀ।