ਰੂਸ ਨੇ ਅਮਰੀਕਾ ਦੇ 60 ਡਿਪਲੋਮੈਟ ਕੱਢ ਮਾਰੇ
ਏਬੀਪੀ ਸਾਂਝਾ | 30 Mar 2018 11:33 AM (IST)
ਮਾਸਕੋ: ਰੂਸ ਤੇ ਅਮਰੀਕਾ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਰੂਸ ਨੇ ਵੀਰਵਾਰ ਨੂੰ ਵੱਡੀ ਕਾਰਵਾਈ ਕਰਦੇ ਹੋਏ ਦੇਸ਼ ਵਿੱਚੋਂ ਅਮਰੀਕਾ ਦੇ 60 ਡਿਪਲੋਮੈਟ ਕੱਢ ਦਿੱਤੇ ਹਨ। ਰੂਸ ਦੀ ਇਸ ਕਾਰਵਾਈ ਨਾਲ ਪੱਛਮੀ ਦੇਸ਼ਾਂ ਵਿਚਾਲੇ ਤਣਾਅ ਵਧਣ ਦੇ ਆਸਾਰ ਬਣ ਗਏ ਹਨ। ਅਮਰੀਕਾ ਨੇ ਕਿਹਾ ਹੈ ਕਿ ਰੂਸ ਦੀ ਇਸ ਕਾਰਵਾਈ ਨਾਲ ਦੋਵਾਂ ਦੇਸ਼ਾਂ ਦੇ ਸਬੰਧ ਹੋਰ ਖਰਾਬ ਹੋ ਜਾਣਗੇ। ਦਰਅਸਲ ਇੰਗਲੈਂਡ ਵਿੱਚ ਰੂਸੀ ਜਾਸੂਸ ਸਰਗੇਈ ਕਰੀਪਾਲ ਨੂੰ ਬੀਤੀ 4 ਮਾਰਚ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਸੀ। ਸਰਗੇਈ ਉਤੇ ਡਬਲ ਏਜੰਟ ਹੋਣ ਭਾਵ ਦੋਵੇਂ ਪਾਸੀਂ ਜਾਸੂਸੀ ਕਰਨ ਦਾ ਸ਼ੱਕ ਸੀ ਤੇ ਬਰਤਾਨੀਆ ਨੇ ਉਸ ਦੇ ਕਤਲ ਲਈ ਰੂਸ ਨੂੰ ਦੋਸ਼ੀ ਠਹਿਰਾਇਆ ਸੀ। ਇਸ ਕਾਰਨ ਤਣਾਅ ਵਾਲੀ ਸਥਿਤੀ ਬਣ ਗਈ। ਇਸ ਮਗਰੋਂ ਯੂਰਪੀ ਯੂਨੀਅਨ ਦੇ ਮੈਂਬਰ ਮੁਲਕਾਂ ਨੇ ਸਾਂਝੇ ਫ਼ੈਸਲੇ ਤਹਿਤ ਰੂਸ ਦੇ ਵੱਡੇ ਗਿਣਤੀ ਡਿਪਲੋਮੈਟ ਕੱਢ ਦਿੱਤੇ ਸੀ। ਅਮਰੀਕਾ ਨੇ ਵੀ ਪਿਛਲੇ ਦਿਨੀਂ ਰੂਸ ਦੇ 60 ਡਿਪਲੋਮੈਟ ਕੱਢੇ ਸੀ। ਇਸ ਮਗਰੋਂ ਤਣਾਅ ਵਧਦਾ ਜਾ ਰਿਹਾ ਹੈ। ਪਹਿਲਾਂ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਸੀ ਕਿ ਅਮਰੀਕਾ ਵੱਲੋਂ ਰੂਸ ਦੇ ਡਿਪਲੋਮੈਟਾਂ ਨੂੰ ਕੱਢੇ ਜਾਣ ਖਿਲਾਫ਼ ਬਦਲੇ ਦੀ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਡਿਪਲੋਮੈਟਾਂ ਨੂੰ 5 ਅਪਰੈਲ ਤੱਕ ਰੂਸ ਵਿੱਚੋਂ ਚਲੇ ਜਾਣ ਦਾ ਹੁਕਮ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ 58 ਸਫ਼ੀਰ ਮਾਸਕੋ ਸਥਿਤ ਅਮਰੀਕੀ ਸਫ਼ਾਰਤਖ਼ਾਨੇ ਵਿੱਚ ਤੇ ਦੋ ਯੇਕਾਤਰੀਨਬਰਗ ਸਥਿਤ ਕੌਂਸਲਖ਼ਾਨੇ ਵਿੱਚ ਤਾਇਨਾਤ ਸਨ।