ਪਰਮਜੀਤ ਸਿੰਘ
ਆਨੰਦਪੁਰ ਸਾਹਿਬ: ਆਪਣੇ ਵਕਾਰ ਨੂੰ ਬਚਾਉਣ ਲਈ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਨਵੇਂ ਅਹੁਦੇਦਾਰਾਂ ਦੀ ਚੋਣ ਲਈ ਨਵੀਂ ਰਣਨੀਤੀ ਘੜਨ ਉੱਤੇ ਜ਼ੋਰ ਦੇ ਰਿਹਾ ਹੈ। ਇਸ ਮਾਮਲੇ ’ਤੇ ਵਿਚਾਰ ਕਰਨ ਲਈ ਅੱਜ ਚੰਡੀਗੜ੍ਹ ਵਿੱਚ ਕੋਰ ਕਮੇਟੀ ਦੀ ਮੀਟਿੰਗ ਵੀ ਬੁਲਾਈ ਗਈ ਹੈ। ਸੂਤਰਾਂ ਮੁਤਾਬਕ ਅਕਾਲੀ ਦਲ ਦੇ ਜ਼ਿਆਦਾਤਰ ਸੀਨੀਅਰ ਆਗੂ ਕਮੇਟੀ ਦੇ ਮੌਜੂਦਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਹੀ ਇਸ ਅਹੁਦੇ ’ਤੇ ਬਣਾਈ ਰੱਖਣ ਉੱਤੇ ਜ਼ੋਰ ਦੇ ਰਹੇ ਹਨ ਜਦ ਕਿ ਜਥੇਦਾਰ ਤੋਤਾ ਸਿੰਘ ਤੇ ਮਾਝੇ ਦੇ ਆਗੂ ਅਲਵਿੰਦਰ ਪਾਲ ਸਿੰਘ ਪੱਖੋਕੇ ਵੀ ਪ੍ਰਧਾਨਗੀ ’ਤੇ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਬੀਤੇ ਦਿਨ ਕਰ ਲਈ ਗਈ ਹੈ ਪਰ ਇਸ ਸਬੰਧੀ ਅਕਾਲੀ ਦਲ ਸਰਪ੍ਰਸਤ ਬਾਦਲਾਂ ਵੱਲੋਂ ਇੱਕ ‘ਲਿਫਾਫੇ’ ਵਿੱਚੋਂ ਪ੍ਰਧਾਨ ਦੇ ਨਾਂ ਦਾ ਖ਼ੁਲਾਸਾ ਕੀਤਾ ਜਾਂਦਾ ਹੈ। ਅਕਾਲੀ ਦਲ ਇਸ ਲਿਫਾਫੇ ਸਬੰਧੀ ਆਪਣੀ ਰਣਨੀਤੀ ਘੜ ਸਕਦਾ ਹੈ। ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਬਗਾਵਤੀ ਸੁਰਾਂ ਤੋਂ ਬਾਅਦ ਇਹ ਪਾਰਟੀ ਦੀ ਕੋਰ ਕਮੇਟੀ ਦੀ ਇਹ ਪਹਿਲੀ ਮੀਟਿੰਗ ਹੈ।
ਪਾਰਟੀ ਸੂਤਰਾਂ ਮੁਤਾਬਕ ਅੱਜ ਕੋਰ ਕਮੇਟੀ ਦੀ ਮੀਟਿੰਗ ਵਿੱਚ ਬਗਾਵਤੀ ਲੀਡਰਾਂ ਖਾਸ ਕਰਕੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਸੁਖਬੀਰ ਬਾਦਲ ਖਿਲਾਫ ਬਗਾਵਤ ਕਰਨ ਬਾਰੇ ਵੀ ਚਰਚਾ ਕੀਤੀ ਜਾਏਗੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਾਰਟੀ ਅੰਦਰ ਬ੍ਰਹਮਪੁਰਾ ਬਾਰੇ ਦੋ ਤਰ੍ਹਾਂ ਦੀ ਰਾਏ ਦਿੱਤੀ ਜਾ ਰਹੀ ਹੈ। ਪਾਰਟੀ ਵਿੱਚ ਚਰਚਾਵਾਂ ਚੱਲ ਰਹੀਆਂ ਰਨ ਕਿ ਬਗਾਵਤੀ ਸੁਰਾਂ ਨੂੰ ਨੱਪਿਆ ਜਾਏ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਪਾਰਟੀ ਖਿਲਾਫ ਬਗਾਵਤ ਤੇਜ਼ ਹੋ ਸਕਦੀ ਹੈ।