ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਯਾਦਗਾਰ ਬਣਾਉਣ ਲਈ ਸੁਲਤਾਨਪੁਰ ਲੋਧੀ ਵਿੱਚ ‘ਮੂਲ ਮੰਤਰ’ ਸਥਾਨ ਤਿਆਰ ਕਰਵਾਏਗੀ। ਗੁਰੂ ਨਾਨਾਕ ਦੇਵ ਜੀ ਨੇ ਆਪਣੇ ਜੀਵਨ ਦੇ 14 ਵਰ੍ਹੇ ਸੁਲਤਾਨਪੁਰ ਲੋਧੀ ਵਿੱਚ ਬਿਤਾਏ ਸੀ। ਇਸੇ ਜਗ੍ਹਾ ਤੋਂ ਹੀ ਉਨ੍ਹਾਂ ਨੇ ਮਨੁੱਖਤਾ ਨੂੰ ਮੂਲ ਮੰਤਰ ਦਾ ਉਪਦੇਸ਼ ਦਿੱਤਾ ਸੀ। ਇਸ ਸਥਾਨ ਤੋਂ ਸੰਗਤਾਂ ਨੂੰ ਗੁਰੂ ਸਾਹਿਬ ਦੇ ਜੀਵਨ ਤੇ ਸਿੱਖਿਆਵਾਂ ਬਾਰੇ ਜਾਣਕਾਰੀ ਦਿੱਤੀ ਜਾਏਗੀ।

‘ਮੂਲ ਮੰਤਰ’ ਸਥਾਨ ਬਣਾਉਣ ਦੀ ਜ਼ਿੰਮੇਵਾਰੀ ਗੁਰੂ ਨਾਨਾਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਦੇ ਮੁਖੀ ਭਾਈ ਮਹਿੰਦਰ ਸਿੰਘ ਨੂੰ ਸੌਂਪੀ ਗਈ ਹੈ। ਉਹ ਇਸ ਦੀ ਕਾਰ ਸੇਵਾ ਬਾਬਾ ਲਾਭ ਸਿੰਘ ਕਿਲ੍ਹਾ ਆਨੰਦਗੜ੍ਹ ਸਾਹਿਬ ਦੇ ਸਹਿਯੋਗ ਨਾਲ ਕਰਵਾ ਰਹੇ ਹਨ। ਇਹ ਕਾਰ ਸੇਵਾ ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਹੈ ਤੇ 2019 ਤੋਂ ਪਹਿਲਾਂ ਇਸਨੂੰ ਮੁਕੰਮਲ ਕਰਨ ਦੀ ਯੋਜਨਾ ਹੈ। ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੋਂ ਇਲਾਵਾ ਇਹ ਸਥਾਨ ਗੁਰੂ ਸਾਹਿਬ ਦੀਆਂ ਉਦਾਸੀਆਂ ਬਾਰੇ ਵੀ ਲੋਕਾਂ ਨੂੰ ਆਧੁਨਿਕ ਤਕਨੀਕ ਜ਼ਰੀਏ ਜਾਣੂ ਕਰਵਾਏਗਾ।

ਕਿਹੋ ਜਿਹਾ ਹੋਏਗਾ ‘ਮੂਲ ਮੰਤਰ’

ਦੋ ਏਕੜ ਵਿੱਚ 65 ਫੁੱਟ ਦੇ ਮੂਲ ਮੰਤਰ ਸਥਾਨ ਦੀਆਂ 4 ਮੰਜ਼ਲਾਂ ਹੋਣਗੀਆਂ। ਜ਼ਮੀਨੀ ਮੰਜ਼ਲ ਦੀ ਉਚਾਈ 26 ਫੁੱਟ ਜਦਕਿ ਬਾਕੀ ਮੰਜ਼ਲਾਂ ਦੀ ਉਚਾਈ 13-13 ਫੁੱਟ ਹੋਏਗੀ। ਇਸ ਨੂੰ ਸਹਾਰਾ ਦੇਣ ਲਈ 13 ਡਾਟ ਹੋਣਗੇ। ਸਥਾਨ ਦੇ ਬਰਾਂਡੇ 13 ਫੁੱਟ ਥਾਂ ਵਿੱਚ ਪਾਣੀ ਦਾ ਪ੍ਰਵਾਹ ਚੱਲੇਗਾ। ਸਥਾਨ ਦੇ ਅੰਦਰ ਵੀ 20 ਫੁੱਟ ਦੇ ਘੇਰੇ ਵਿੱਚ ਪਾਣੀ ਵਹੇਗਾ। ਖ਼ਾਸ ਗੱਲ ਇਹ ਹੈ ਕਿ ਇਹ ਪਾਣੀ ਪਵਿੱਤਰ ਵੇਈਂ ਤੋਂ ਆਏਗਾ ਤੇ ਘੁੰਮ ਕੇ ਵਾਪਸ ਵੇਈਂ ਵਿੱਚ ਹੀ ਚਲਾ ਜਾਏਗਾ।

ਹੋਰ ਕੀ ਹੋਏਗਾ ਖ਼ਾਸ

ਗੁਰੂ ਸਾਹਿਬ ਦੀਆਂ ਯਾਤਰਾਵਾਂ ਦੀ ਜਾਣਕਾਰੀ ਦੇਣ ਲਈ ਇੱਥੇ ਮਲਟੀਮੀਡੀਆ ਕੇਂਦਰ ਬਣਾਇਆ ਜਾਏਗਾ। ਇਸ ਦੇ ਇਲਾਵਾ ਤਸਵੀਰਾਂ ਜ਼ਰੀਏ ਵੀ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਵਿਸ਼ਵ ਪੱਧਰ ’ਤੇ ਫੈਲਾਉਣ ਦੀ ਤਰਜ ’ਤੇ ਕੰਮ ਕੀਤਾ ਜਾ ਰਿਹਾ ਹੈ।

ਮੂਲ ਮੰਤਰ ਦੀ ਇਮਾਰਤ ਵਿੱਚ 16 ਗੈਲਰੀਆਂ ਵੀ ਬਣਾਈਆਂ ਜਾਣਗੀਆਂ। ਇਨ੍ਹਾਂ ਦੇ ਵਿਚਾਲੇ ਇਮਾਰਤ ਦੇ ਉੱਪਰੀ ਹਿੱਸੇ ਤਕ ਖੁੱਲ੍ਹੀ ਥਾਂ ਵਿੱਚ ਖ਼ੂਬਸੂਰਤ ਲਾਈਟਾਂ ਲਾਉਣ ਦੀ ਯੋਜਨਾ ਹੈ। ਦੋ ਪੌੜੀਆਂ ਲਾਉਣ ਦੇ ਨਾਲ-ਨਾਲ ਲਿਫਟ ਦਾ ਵੀ ਪ੍ਰਬੰਧ ਕੀਤਾ ਜਾਏਗਾ। ਇਮਾਰਤ ਦੇ ਆਸਪਾਸ ਬਾਗ ਦਾ ਵੀ ਨਿਰਮਾਣ ਕੀਤਾ ਜਾ ਰਿਹਾ ਹੈ ਜਿਸ ਦੇ ਆਉਣ-ਜਾਣ ਲਈ 13 ਰਾਹ ਬਣਾਏ ਜਾਣਗੇ।