ਅੰਮ੍ਰਿਤਸਰ: ਸਿੱਖ ਨੌਜੁਆਨੀ ਨੂੰ ਗੁਰਬਾਣੀ ਨਾਲ ਜੋੜਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਕੀਰਤਨ ਮੁਕਾਬਲੇ ਕਰਵਾਏ ਜਾਣਗੇ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਗਾਵਹੁ ਸਚੀ ਬਾਣੀ' ਦਾ ਤੀਜਾ ਭਾਗ 10 ਜੂਨ ਤੋਂ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ 2016 ਵਿੱਚ ਇਨ੍ਹਾਂ ਕੀਰਤਨ ਮੁਕਾਬਲਿਆਂ ਦਾ ਭਾਗ ਪਹਿਲਾ ਤੇ 2017 ਵਿੱਚ ਭਾਗ ਦੂਜਾ ਕਰਵਾਇਆ ਜਾ ਚੁੱਕਾ ਹੈ। ਡਾ. ਰੂਪ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ ਮੁਤਾਬਕ ਕਰਾਏ ਜਾ ਰਹੇ ਕੀਰਤਨ ਮੁਕਾਬਲਿਆਂ ਵਿੱਚ 16 ਤੋਂ 25 ਸਾਲ ਦੀ ਉਮਰ ਤਕ ਦੇ ਸਿੱਖ ਉਮੀਦਵਾਰ ਭਾਗ ਲੈ ਸਕਦੇ ਹਨ। ਪਹਿਲਾ ਮੁਕਾਬਲਾ 10 ਜੂਨ ਨੂੰ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐਂਡ ਰੀਸਰਚ ਵੱਲ੍ਹਾ (ਅੰਮ੍ਰਿਤਸਰ) ਵਿੱਚ ਹੋਵੇਗਾ। ਦੂਸਰਾ ਮੁਕਾਬਲਾ 12 ਜੂਨ ਨੂੰ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ (ਬਠਿੰਡਾ), ਤੀਸਰਾ 15 ਜੂਨ ਨੂੰ ਮਾਤਾ ਸਾਹਿਬ ਕੌਰ ਆਡੀਟੋਰੀਅਮ ਮਾਤਾ ਸੁੰਦਰੀ ਕਾਲਜ ਫਾਰ ਵੂਮੈਨ (ਨਵੀਂ ਦਿੱਲੀ) ਤੇ ਚੌਥਾ ਮੁਕਾਬਲਾ 18 ਜੂਨ ਨੂੰ ਗਿਆਨੀ ਦਿੱਤ ਸਿੰਘ ਆਡੀਟੋਰੀਅਮ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰ ਕਾਲਜ (ਸ੍ਰੀ ਫ਼ਤਹਿਗੜ੍ਹ ਸਾਹਿਬ) ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕੀਰਤਨ ਮੁਕਾਬਲੇ ਵਿੱਚ ਪਹਿਲੇ ਨੰਬਰ ’ਤੇ ਆਉਣ ਵਾਲੇ ਉਮੀਦਵਾਰ ਨੂੰ 5 ਲੱਖ, ਦੂਸਰੇ ਨੰਬਰ ’ਤੇ ਆਉਣ ਵਾਲੇ ਨੂੰ 3 ਲੱਖ ਰੁਪਏ ਤੇ ਤੀਸਰੇ ਸਥਾਨ ਵਾਲੇ 'ਤੇ ਰਹਿਣ ਵਾਲੇ ਉਮੀਦਵਾਰ ਨੂੰ ਇੱਕ ਲੱਖ ਰੁਪਏ ਦੀ ਇਨਾਮੀ ਰਕਮ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਦੋ ਹੋਰ ਪ੍ਰਤਿਭਾਸ਼ਾਲੀਆਂ ਨੂੰ 50-50 ਹਜ਼ਾਰ ਰੁਪਏ ਦੇ ਇਨਾਮ ਵੀ ਦਿੱਤੇ ਜਾਣਗੇ। ਉਕਤ ਸਥਾਨਾਂ ’ਤੇ ਪੁੱਜ ਕੇ ਪ੍ਰਤੀਯੋਗੀ ਮੁਕਾਬਲੇ ਦਾ ਹਿੱਸਾ ਬਣ ਸਕਦੇ ਹਨ।