ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਇਸ ਮਾਮਲੇ ਵਿੱਚ ਪਹਿਲੇ ਸ਼ਾਰਪ ਸ਼ੂਟਰ ਨੂੰ ਪੁਣੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਸ਼ਾਰਪ ਸ਼ੂਟਰ ਸਿਧੇਸ਼ ਹੀਰਾਮਨ ਕਾਂਬਲੇ ਉਰਫ ਸੌਰਭ ਮਹਾਕਾਲ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਕਤਲ ਕਾਂਡ ਵਿੱਚ ਸ਼ਾਮਲ 5 ਹੋਰ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ। ਸੌਰਭ ਮਹਾਕਾਲ ਮੂਸੇਵਾਲਾ ਨੂੰ ਮਾਰਨ ਲਈ ਅੰਡਰਵਰਲਡ ਡਾਨ ਅਰੁਣ ਗਵਲੀ ਤੇ ਗੰਨਮੈਨ ਸੰਤੋਸ਼ ਜਾਧਵ ਨਾਲ ਪੰਜਾਬ ਗਿਆ ਸੀ। ਇਸ ਮਾਮਲੇ ਵਿੱਚ ਪੁਲਿਸ ਹੁਣ ਤੱਕ ਮਹਾਕਾਲ ਤੇ ਜਾਧਵ ਸਮੇਤ 8 ਸ਼ਾਰਪਸ਼ੂਟਰਾਂ ਦੀ ਪਛਾਣ ਕਰ ਚੁੱਕੀ ਹੈ।

ਸੌਰਵ ਮਹਾਕਾਲ ਨੇ ਪੁਲਿਸ ਨੂੰ ਦਿੱਤੇ ਬਿਆਨ 'ਚ ਕਿਹਾ ਹੈ ਕਿ ਕੁਝ ਸਾਲ ਪਹਿਲਾਂ ਉਹ ਸੰਤੋਸ਼ ਜਾਧਵ ਨਾਲ 3 ਤੋਂ 4 ਵਾਰ ਪੰਜਾਬ ਆਇਆ ਸੀ। ਉੱਥੇ ਉਸ ਦੀ ਮੁਲਾਕਾਤ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰਾਂ ਨਾਲ ਹੋਈ। ਉਹ ਪਹਿਲਾਂ ਹੀ ਲਾਰੈਂਸ ਬਿਸ਼ਨੋਈ ਨੂੰ ਜਾਣਦਾ ਸੀ ਪਰ ਪੰਜਾਬ ਵਿਚ ਘੁੰਮਦੇ ਹੋਏ ਉਸ ਦੀ ਦੋਸਤੀ ਬਿਸ਼ਨੋਈ ਗੈਂਗ ਦੇ ਮੈਂਬਰਾਂ ਸੁੱਖੀ, ਗੁਰੀ, ਪਰਮ ਨਾਲ ਹੋ ਗਈ। ਮਹਾਕਾਲ ਅਨੁਸਾਰ ਬਿਸ਼ਨੋਈ ਗੈਂਗ ਦੇ ਮੈਂਬਰ ਉਸ ਦੀ ਸੂਝਬੂਝ ਤੋਂ ਕਾਇਲ ਹੋ ਗਏ ਸਨ। ਗੁਰੀ ਤੇ ਸੁੱਖੀ ਨੇ ਉਸ ਨੂੰ ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਲਈ ਕਿਹਾ ਤੇ ਕੰਮ ਪੂਰਾ ਹੋਣ 'ਤੇ 3.5 ਲੱਖ ਰੁਪਏ ਦੇਣ ਦਾ ਭਰੋਸਾ ਦਿੱਤਾ।

ਕੇਕੜਾ ਤੇ ਕੁਝ ਹੋਰ ਵੀ ਸਿੱਧੂ ਮੂਸੇਵਾਲਾ ਦੀ ਰੇਕੀ ਕਰ ਰਹੇ ਸੀ


ਸੌਰਵ ਉਰਫ ਮਹਾਕਾਲ ਅਨੁਸਾਰ ਉਸ ਤੋਂ ਇਲਾਵਾ ਕੇਕੜੇ ਤੇ ਕੁਝ ਹੋਰ ਲੋਕ ਵੀ ਸਨ, ਜੋ ਸਿੱਧੂ ਮੂਸੇਵਾਲਾ ਦੀ ਰੇਕੀ ਕਰ ਰਹੇ ਸਨ। ਕਰੀਬ 3 ਮਹੀਨਿਆਂ ਤੱਕ ਸੌਰਵ ਨੇ ਰੇਕੀ ਕੀਤੀ ਤੇ ਬਿਸ਼ਨੋਈ ਗੈਂਗ ਨੂੰ ਹਰ ਜਾਣਕਾਰੀ ਮੁਹੱਈਆ ਕਰਵਾਈ। ਸੌਰਵ ਨੇ ਪੰਜਾਬ ਪੁਲਿਸ ਨੂੰ ਜੋ ਬਿਆਨ ਦਿੱਤਾ ਹੈ ,ਉਸ ਦੇ ਮੁਤਾਬਕ ਉਸ ਨੇ ਸਿੱਧੂ ਮੂਸੇਵਾਲਾ ਸੈਰ 'ਤੇ ਕਦੋਂ ਨਿਕਲਦਾ, ਕਿੱਥੇ ਜਾਂਦਾ, ਕਿਸ ਨੂੰ ਮਿਲਦਾ ਹੈ, ਕੌਣ-ਕੌਣ ਉਸ ਦੇ ਕਰੀਬੀ ਹੈ ਤੇ ਗਾਇਕ ਦੀ ਖਾਣ-ਪੀਣ ਤੋਂ ਲੈ ਕੇ ਹਰ ਹਰਕਤ ਦਾ ਜਾਇਜ਼ਾ ਲਿਆ ਹੈ ਤੇ ਕੇਕੜਾ ਸਮੇਤ ਸੁੱਖੀ ਨੂੰ ਪੂਰੀ ਜਾਣਕਾਰੀ ਦਿੱਤੀ।

ਮੂਸੇਵਾਲਾ ਦੇ ਕਤਲ ਤੋਂ ਬਾਅਦ ਬਿਸ਼ਨੋਈ ਗੈਂਗ ਨੇ ਕੀਤਾ ਸੌਰਵ ਨਾਲ ਸੰਪਰਕ


ਪੰਜਾਬ ਪੁਲਿਸ ਅਨੁਸਾਰ ਸੌਰਵ ਉਰਫ਼ ਮਹਾਕਾਲ ਸਿੱਧੂ ਮੂਸੇਵਾਲਾ ਦੀ ਕੁਝ ਦਿਨਾਂ ਦੀ ਰੇਕੀ ਤੋਂ ਬਾਅਦ ਪੂਨੇ ਪਰਤਿਆ ਸੀ। ਇਸ ਦੌਰਾਨ ਉਹ ਬਿਸ਼ਨੋਈ ਗੈਂਗ ਦੇ ਆਪਣੇ ਸਾਥੀਆਂ ਤੇ ਸੰਤੋਸ਼ ਜਾਧਵ ਦੇ ਸੰਪਰਕ ਵਿੱਚ ਸੀ। ਕੁਝ ਦਿਨ ਪਹਿਲਾਂ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ ਤਾਂ ਮਹਾਕਾਲ ਨੂੰ ਬਿਸ਼ਨੋਈ ਗੈਂਗ ਦਾ ਫ਼ੋਨ ਆਇਆ ਸੀ। ਉਸ ਨੂੰ ਕਿਹਾ ਗਿਆ ਕਿ ਕੰਮ ਹੋ ਗਿਆ ਹੈ, ਜਲਦੀ ਹੀ ਉਸ ਦਾ ਹਿੱਸਾ ਉਸ ਨੂੰ ਦੇ ਦਿੱਤਾ ਜਾਵੇਗਾ। ਸੌਰਵ ਉਰਫ ਮਹਾਕਾਲ ਅਨੁਸਾਰ ਉਸ ਨੂੰ ਅੰਦਾਜ਼ਾ ਨਹੀਂ ਸੀ ਕਿ ਉਹ ਕਦੇ ਇਸ ਮਾਮਲੇ ਵਿਚ ਫਸ ਜਾਵੇਗਾ।

ਸੌਰਵ ਮਹਾਕਾਲ ਨੂੰ ਪੁਣੇ ਛੱਡ ਕੇ ਨੇਪਾਲ ਭੱਜਣ ਲਈ ਕਿਹਾ ਗਿਆ


ਕੁਝ ਦਿਨ ਪਹਿਲਾਂ ਜਦੋਂ ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਸ਼ਾਮਲ ਸੌਰਵ ਮਹਾਕਾਲ ਦਾ ਪੋਸਟਰ ਜਾਰੀ ਕੀਤਾ ਸੀ ਤਾਂ ਉਸ ਨੂੰ ਕਿਸੇ ਅਣਜਾਣ ਨੰਬਰ ਤੋਂ ਬਿਸ਼ਨੋਈ ਗੈਂਗ ਦੇ ਇੱਕ ਅਹਿਮ ਮੈਂਬਰ ਦਾ ਫੋਨ ਆਇਆ ਸੀ। ਉਸ ਨੂੰ ਛੇਤੀ ਤੋਂ ਛੇਤੀ ਪੁਣੇ ਛੱਡ ਕੇ ਨੇਪਾਲ ਭੱਜਣ ਲਈ ਕਿਹਾ ਗਿਆ ਪਰ ਨੇਪਾਲ ਭੱਜਣ ਤੋਂ ਪਹਿਲਾਂ ਪੁਣੇ ਪੁਲਿਸ ਨੇ ਸੌਰਵ ਨੂੰ ਸੰਗਮਨੇਰ ਦੇ ਟਿਕਾਣੇ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਵੀਰਵਾਰ ਨੂੰ ਪੁਣੇ ਰੂਰਲ ਕ੍ਰਾਈਮ ਬ੍ਰਾਂਚ ਨੇ ਸੌਰਭ ਉਰਫ ਮਹਾਕਾਲ ਨੂੰ ਸੰਗਮਨੇਰ ਸਥਿਤ ਉਸ ਦੇ ਟਿਕਾਣੇ 'ਤੇ ਪਹੁੰਚਾਇਆ ਤੇ ਤਲਾਸ਼ੀ ਮੁਹਿੰਮ ਵੀ ਚਲਾਈ ਤੇ ਕਈ ਅਹਿਮ ਜਾਣਕਾਰੀਆਂ, ਸਬੂਤ ਇਕੱਠੇ ਕੀਤੇ।