Punjab News: ਬੰਗਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਵੱਲੋਂ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਮਗਰੋਂ ਬਾਗੀ ਧੜੇ ਨੇ ਸੁਖਬੀਰ ਬਾਦਲ ਉਪਰ ਹਮਲਾ ਬੋਲਿਆ ਹੈ। ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਇਸ ਨਾਲ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਹੈ। 



ਉਨ੍ਹਾਂ ਨੇ ਕਿਹਾ ਕਿ ਪਾਰਟੀ ਕੋਲ ਮਹਿਜ ਤਿੰਨ ਹੀ ਵਿਧਾਇਕ ਸਨ ਜਿਨ੍ਹਾਂ ਵਿੱਚੋਂ ਮਨਪ੍ਰੀਤ ਸਿੰਘ ਇਯਾਲੀ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਨਿਰਾਸ਼ਾਜਨਕ ਹਾਰ ਦੇ ਕਾਰਨ ਲੱਭਣ ਲਈ ਬਣਾਈ ਝੂੰਦਾ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ ਤੇ ਪਾਰਟੀ ਵਿੱਚ ਆਏ ਨਿਘਾਰ ਕਰਕੇ ਪਹਿਲਾਂ ਹੀ ਪਾਰਟੀ ਦੀਆਂ ਸਰਗਰਮੀਆਂ ਤੋਂ ਦੂਰੀ ਬਣਾਈ ਬੈਠੇ ਹਨ।


ਉਨ੍ਹਾਂ ਨੇ ਕਿਹਾ ਕਿ ਦੁਆਬਾ ਤੋਂ ਇਕਲੌਤੇ ਵਿਧਾਇਕ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਾ ਸਾਬਤ ਕਰਦਾ ਹੈ ਕਿ ਜਿੱਥੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਕਾਰਜਸ਼ੈਲੀ ਤੋਂ ਵਰਕਰ ਮਾਯੂਸ ਹਨ, ਉੱਥੇ ਹੀ ਚੁਣੇ ਹੋਏ ਨੁਮਾਇੰਦੇ ਵੀ ਨਿਰਾਸ਼ਾ ਦੇ ਆਲਮ ਵਿੱਚੋਂ ਗੁਜ਼ਰ ਰਹੇ ਹਨ। ਜਥੇਦਾਰ ਵਡਾਲਾ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਤਾਜਾ ਹਾਲਾਤ ਦੇ ਜ਼ਰੀਏ ਸਲਾਹ ਦਿੱਤੀ ਹੈ। 


ਉਨ੍ਹਾਂ ਨੇ ਕਿਹਾ ਕਿ ਅਸੀਂ ਲਗਾਤਾਰ ਪਿਛਲੇ ਸਮੇਂ ਦੌਰਾਨ ਬੁਹਤ ਵੱਡੀਆਂ ਹਾਰਾਂ ਦਾ ਸਾਹਮਣਾ ਕੀਤਾ ਜਿਸ ਦਾ ਕਾਰਨ ਸਮੁੱਚਾ ਪੰਥ ਭਲੀ ਪ੍ਰਕਾਰ ਜਾਣਦਾ ਹੈ। ਇਨ੍ਹਾਂ ਸਿੱਟਿਆਂ ਵਿੱਚੋਂ ਤਸਵੀਰ ਨਜ਼ਰ ਆਉਂਦੀ ਹੈ ਕਿ ਅਕਾਲੀ ਵਰਕਰ ਪਾਰਟੀ ਲੀਡਰਸ਼ਿਪ ਵਿੱਚ ਤਬਦੀਲੀ ਚਾਹੁੰਦੇ ਹਨ। ਡਾਕਟਰ ਸੁੱਖੀ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਇਸ ਗੱਲ ਉਪਰ ਮੋਹਰ ਲੱਗ ਗਈ ਕਿ ਲੀਡਰਸ਼ਿਪ ਬਦਲਾਅ ਨਾਲ ਹੀ ਅਕਾਲੀ ਦਲ ਵਿੱਚ ਲੋਕਾਂ ਦਾ ਵਿਸ਼ਵਾਸ ਮੁੜ ਕਾਇਮ ਹੋ ਸਕੇਗਾ।


ਜਥੇਦਾਰ ਵਡਾਲਾ ਨੇ ਇਸ ਗੱਲ ਤੇ ਜ਼ੋਰ ਦੇ ਕੇ ਆਖਿਆ ਕਿ ਜਦੋਂ ਸਾਡੇ ਬਜੁਰਗਾਂ, ਪੰਥ ਹਿਤੈਸ਼ੀਆਂ ਨੇ 104 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਰਗੀ ਜੁਝਾਰੂ ਜਥੇਬੰਦੀ ਬਣਾਈ ਸੀ ਤਾਂ ਉਨ੍ਹਾਂ ਨੂੰ ਵੱਡੀ ਉਮੀਦ ਸੀ ਕਿ ਇੱਕ ਦਿਨ ਪੰਥ ਤੇ ਪੰਜਾਬ ਲਈ ਬਣਾਈ ਪਾਰਟੀ ਯੋਗ ਅਗਵਾਈ ਕਰੇਗੀ, ਪਰ ਬੜੇ ਦੁਖੀ ਮਨ ਨਾਲ ਅੱਜ ਉਸ ਆਸ ਨੂੰ ਟੁੱਟਦਿਆਂ ਵੇਖ ਸਮੇਂ ਦੀ ਲੀਡਰਸ਼ਿਪ ਨੇ ਆਪਣਾ ਸਵਾਰਥੀਪਨ ਤੇ ਨਿਜਪ੍ਰਸਤਾ ਨੂੰ ਪਾਰਟੀ ਵਿੱਚ ਤਜੀਹ ਦਿੱਤੀ। ਜਦਕਿ ਉਨ੍ਹਾਂ ਪੰਥਕ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਗ ਦੀ ਭਾਵਨਾ ਦੇ ਨਾਲ ਕੁਰਬਾਨੀ ਦੇਣੀ ਚਾਹੀਦੀ ਸੀ।


ਸਮੁੱਚੇ ਅਕਾਲੀ ਵਰਕਰਾਂ ਤੇ ਲੀਡਰਸ਼ਿਪ ਨੂੰ ਅਪੀਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੋਈ ਵੀ ਵਰਕਰ ਤੇ ਲੀਡਰ ਅਕਾਲੀ ਦਲ ਨੂੰ ਛੱਡਣ ਦੀ ਬਜਾਏ ਇਕੱਠੇ ਹੋ ਕੇ ਪੰਥ ਦੇ ਸੁਨਹਿਰੇ ਭਵਿੱਖ ਤੇ ਅਕਾਲੀ ਦਲ ਵਿੱਚ ਆਈਆਂ ਕਮੀਆਂ ਤੇ ਕਮਜ਼ੋਰੀਆਂ ਨੂੰ ਦੂਰ ਕਰਨ ਲਈ ਸੁਧਾਰ ਲਹਿਰ ਨਾਲ ਜੁੜਨ। ਲੋਕਾਂ ਦੀਆਂ ਆਸਾਂ ਤੇ ਆਉਣ ਵਾਲੇ ਸਮੇਂ ਦੀਆਂ ਚਣੌਤੀਆਂ ਨੂੰ ਮੁੱਖ ਰੱਖਦੇ ਹੋਏ ਪਾਰਟੀ ਨੂੰ ਪੰਜਾਬ ਤੇ ਪੰਥ ਦੇ ਹਿੱਤਾਂ ਲਈ ਸੁਹਿਰਦ, ਨੇਕ, ਇਮਾਨਦਾਰ ਤੇ ਸੱਚੀ-ਸੁੱਚੀ ਯੋਗ ਲੀਡਰਸ਼ਿਪ ਦੀ ਅਗਵਾਈ ਹੇਠ ਮਜ਼ਬੂਤ ਕੀਤਾ ਜਾ ਸਕੇ।