Punjab Election: ਹਾਰਨ ਮਗਰੋਂ ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਦੇ ਉਮੀਦਵਾਰ ਪਰਮਿੰਦਰ ਢੀਂਡਸਾ ਨੇ ਹਾਰ ਸਵੀਕਾਰ ਕਰਦਿਆਂ ਵੱਡੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ, ਹਰ ਤਰ੍ਹਾਂ ਦੇ ਮਾਫ਼ੀਆ, ਮਾੜੇ ਸਿਹਤ ਤੇ ਸਿੱਖਿਆ ਪ੍ਰਬੰਧ ਤੋਂ ਅੱਕ ਚੁੱਕੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਫਤਵਾ ਦਿੱਤਾ ਹੈ।



ਪਰਮਿੰਦਰ ਢੀਂਡਸਾ ਨੇ ਫੇਸਬੁੱਕ ਲਾਈਵ ਹੋ ਕਿ ਕਿਹਾ ਕਿ ਪੰਜਾਬ ਦੀਆਂ ਵਿਧਾਨ ਸਭਾ ਦੇ ਕੱਲ੍ਹ ਆਏ ਨਤੀਜੇ ਇਤਿਹਾਸਕ ਹਨ। ਲੋਕਾਂ ਨੇ ਨਵੇਂ ਬਦਲ ਦੀ ਚੋਣ ਇਸ ਲਈ ਕੀਤੀ ਕਿ ਉਹ ਭ੍ਰਿਸ਼ਟਾਚਾਰ, ਹਰ ਤਰ੍ਹਾਂ ਦੇ ਮਾਫ਼ੀਆ, ਮਾੜੇ ਸਿਹਤ ਤੇ ਸਿੱਖਿਆ ਪ੍ਰਬੰਧ ਤੋਂ ਅੱਕ ਚੁੱਕੇ ਸਨ। ਮੈਨੂੰ ਲੋਕਾਂ ਦਾ ਇਹ ਫੈਸਲਾ ਸਿਰ ਮੱਥੇ ਪ੍ਰਵਾਨ ਹੈ ਤੇ ਸਾਡੇ ਵੱਲੋਂ ਸਵਾਗਤ ਹੈ।

ਉਨ੍ਹਾਂ ਅੱਗੇ ਕਿਹਾ ਕਿ ਇਸ ਵੱਡੇ ਫ਼ਤਵੇ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਉਤਰੇਗੀ ਤਾਂ ਕਿ ਉਹ ਆਪਣੀ ਭਰੋਸੇਯੋਗਤਾ ਨੂੰ ਕਾਇਮ ਰੱਖ ਸਕੇ। ਸਾਨੂੰ ਵੀ ਲੋਕਾਂ ਦਾ ਭਰਵਾਂ ਸਾਥ ਮਿਲਿਆ ਹੈ, ਇਸ ਲਈ ਮੈਂ ਉਨ੍ਹਾਂ ਦਾ ਧੰਨਵਾਦ ਕਰਦਾਂ ਹਾਂ। ਮੈਂ ਵਿਸ਼ਵਾਸ ਦਿਵਾਉਂਦਾ ਹਾਂ ਜਿੱਥੇ ਵੀ ਸਾਡੇ ਸਹਿਯੋਗ ਦੀ ਲੋੜ ਪਵੇਗੀ ਅਸੀਂ ਨਿੱਠ ਕੇ ਸਾਥ ਦੇਣ ਨੂੰ ਤਿਆਰ ਹਾਂ...ਇਸ ਸਰਕਾਰ ਤੋਂ ਲੋਕਾਂ ਦੇ ਚੰਗੇ ਭਵਿੱਖ ਦੀ ਆਸ ਕਰਦੇ ਹਾਂ...।




ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਨੇ ਬੀਜੇਪੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਨਾਲ ਮਿਲ ਕੇ ਚੋਣਾਂ ਲੜੀਆਂ ਸੀ। ਗੱਠਜੋੜ ਵਿੱਚ ਸਿਰਫ ਬੀਜੇਪੀ ਨੂੰ ਦੋ ਸੀਟਾਂ ਮਿਲੀਆਂ ਹਨ ਬਾਕੀ ਸਭ ਹਾਰ ਗਏ ਹਨ। 







ਦੱਸ ਦੇਈਏ ਕਿ 10 ਮਾਰਚ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਗਏ ਸੀ ਅਤੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ। ਆਮ ਆਦਮੀ ਪਾਰਟੀ 92 ਸੀਟਾਂ ਜਿੱਤ ਚੁੱਕੀ ਹੈ, ਜਦਕਿ ਕਾਂਗਰਸ ਦਾ ਸਫ਼ਾਇਆ ਹੋ ਗਿਆ ਹੈ। ਕਾਂਗਰਸ ਸਿਰਫ਼ 18 ਸੀਟਾਂ ਹੀ ਜਿੱਤਣ 'ਚ ਕਾਮਯਾਬ ਰਹੀ, ਜਦਕਿ ਅਕਾਲੀ -ਬਸਪਾ ਗਠਜੋੜ ਨੂੰ 4 ਸੀਟਾਂ ਅਤੇ ਭਾਜਪਾ ਨੂੰ  2 ਸੀਟਾਂ ਮਿਲੀਆਂ ਹਨ। ਇਸ ਦੇ ਇਲਾਵਾ 1 ਸੀਟ ਹੋਰ ਦੇ ਹਿੱਸੇ ਆਈ ਹੈ।