ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਹਰ ਸਾਲ ਲਈ ਜਾਂਦੀ ਧਾਰਮਿਕ ਪ੍ਰੀਖਿਆ ਦਾ ਸਾਲ 2021-22 ਦਾ ਨਤੀਜਾ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਾਰੀ ਕੀਤਾ। ਐਲਾਨੇ ਗਏ ਨਤੀਜੇ ਅਨੁਸਾਰ 1183 ਵਿਦਿਆਰਥੀਆਂ ਨੂੰ 25 ਲੱਖ 40 ਹਜ਼ਾਰ ਰੁਪਏ ਵਜੀਫਾ ਰਾਸ਼ੀ ਵਜੋਂ ਦਿੱਤੇ ਜਾਣਗੇ ਅਤੇ ਇਸ ਤੋਂ ਇਲਾਵਾ ਸਨਮਾਨ ਚਿੰਨ੍ਹ ਤੇ ਪ੍ਰਮਾਣ ਪੱਤਰ ਦੇ ਕੇ ਵੀ ਨਿਵਾਜਿਆ ਜਾਵੇਗਾ।
ਨਤੀਜਾ ਜਾਰੀ ਕਰਨ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਨੌਜੁਆਨਾਂ ਅਤੇ ਬੱਚਿਆਂ ਨੂੰ ਸਿੱਖ ਇਤਿਹਾਸ, ਰਹਿਤ ਮਰਯਾਦਾ ਅਤੇ ਸਿੱਖ ਸਿਧਾਂਤਾਂ ਨਾਲ ਜੋੜਨ ਲਈ ਧਾਰਮਿਕ ਪ੍ਰੀਖਿਆ ਦਾ ਵੱਡਾ ਮਹੱਤਵ ਹੈ। ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਤਰਫੋਂ ਲਈ ਜਾਂਦੀ ਧਾਰਮਿਕ ਪ੍ਰੀਖਿਆ ਦੌਰਾਨ ਹਜ਼ਾਰਾਂ ਵਿਦਿਆਰਥੀ ਹਿੱਸਾ ਲੈਂਦੇ ਹਨ, ਜਿਨ੍ਹਾਂ ਵਿੱਚੋਂ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀਆਂ ਨੂੰ ਵਜੀਫਾ ਰਾਸ਼ੀ ਦਿੱਤੀ ਜਾਂਦੀ ਹੈ।
ਇਸ ਵਾਰ 25 ਲੱਖ ਤੋਂ ਜ਼ਿਆਦਾ ਵਜੀਫਾ ਰਾਸ਼ੀ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਾਲ 2021-22 ਦੀ ਧਾਰਮਿਕ ਪ੍ਰੀਖਿਆ ਵਿਚ ਚਾਰ ਦਰਜਿਆਂ ਵਿਚ 36506 ਵਿਦਿਆਰਥੀਆਂ ਨੇ ਭਾਗ ਲਿਆ ਸੀ, ਜਿਨ੍ਹਾਂ ਵਿੱਚੋਂ 1183 ਵਿਦਿਆਰਥੀ ਨੇ ਵਜੀਫਾ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਹਰ ਦਰਜੇ ਵਿੱਚੋਂ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ ਵੀ ਵਿਸ਼ੇਸ਼ ਰਾਸ਼ੀ ਦਿੱਤੀ ਜਾਵੇਗੀ। ਐਡਵੋਕੇਟ ਧਾਮੀ ਨੇ ਅਪੀਲ ਕੀਤੀ ਕਿ ਹਰ ਵਿਦਿਆਰਥੀ ਨੂੰ ਇਸ ਧਾਰਮਿਕ ਪ੍ਰੀਖਿਆ ਦਾ ਹਿੱਸਾ ਬਣਾਉਣ ਲਈ ਸਕੂਲ ਪ੍ਰਬੰਧਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ, ਤਾਂ ਜੋ ਵੱਧ ਤੋਂ ਵੱਧ ਬੱਚੇ ਅਤੇ ਨੌਜੁਆਨ ਆਪਣੇ ਇਤਿਹਾਸ ਅਤੇ ਵਿਰਸੇ ਤੋਂ ਜਾਣੂ ਹੋ ਸਕਣ।
ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਓਐਸਡੀ ਸਤਬੀਰ ਸਿੰਘ, ਮੀਡੀਆ ਸਕੱਤਰ ਕੁਲਵਿੰਦਰ ਸਿੰਘ ਰਮਦਾਸ, ਧਰਮ ਪ੍ਰਚਾਰ ਕਮੇਟੀ ਦੇ ਮੀਤ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਕੁਲਦੀਪ ਸਿੰਘ ਰੋਡੇ, ਧਾਰਮਿਕ ਪ੍ਰੀਖਿਆ ਦੇ ਇੰਚਾਰਜ ਸੁਖਦੇਵ ਸਿੰਘ, ਮੇਜਰ ਸਿੰਘ ਅਰਜਨਮਾਂਗਾ, ਕੁਲਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ