Punjab News: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਐਸ.ਐਚ.ਓ ਬਲਕੌਰ ਸਿੰਘ ਅਤੇ ਏ.ਐਸ.ਆਈ ਪਰਮਜੀਤ ਸਿੰਘ, ਥਾਣਾ ਨੇਹੀਆ ਵਾਲਾ ਜਿਲ੍ਹਾ ਬਠਿੰਡਾ ਨੂੰ 50,000 ਰੂਪਏ ਬਤੌਰ ਰਿਸ਼ਵਤ ਲੈਂਦਿਆ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ।


ਇਸ ਸਬੰਧੀ ਜਾਣਕਾਰੀ ਦਿੰਦੇਆ ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਐਸ.ਐਚ.ਓ. ਅਤੇ ਏ.ਐਸ.ਆਈ. ਨੂੰ ਰਾਮ ਲਾਲ ਵਾਸੀ ਪਿੰਡ ਮਹਿਮਾ ਸਰਕਾਰੀ ਜਿਲ੍ਹਾ ਬਠਿੰਡਾ, ਜੋ ਕਿ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ, ਦੀ ਸ਼ਿਕਾਇਤ ਤੇ ਗ੍ਰਿਫਤਾਰ ਕੀਤਾ ਹੈ। ਉਨਾਂ ਦੱਸਿਆ ਕਿ ਸ਼ਿਕਾਇਤਕਰਤਾ ਤੇ ਗੁਰਤੇਜ ਸਿੰਘ ਵਾਸੀ ਕੋਠੇ ਫੂਲਾ ਸਿੰਘ ਵਾਲੇ ਜਿਲ੍ਹਾ ਬਠਿੰਡਾ ਨੇ ਹਰਚਰਨ ਸਿੰਘ ਉਰਫ ਲੀਲਾ ਵਾਸੀ ਦਸ਼ਮੇਸ਼ ਨਗਰ ਗੋਨਿਆਣਾ ਪਾਸੋਂ ਕਰੀਬ ਇੱਕ ਸਾਲ ਪਹਿਲਾਂ 30,00,000 ਰੁਪਏ ਨਕਦ ਉਧਾਰ ਵਿਆਜ ਉਪਰ ਲਏ ਸਨ।


ਇਹਨਾ ਵੱਲੋਂ ਸਮੇਂ ਸਿਰ ਪੈਸੇ ਵਾਪਸ ਨਾ ਕਰਨ ਕਰਕੇ ਉਕਤ ਹਰਚਰਨ ਸਿੰਘ ਨੇ ਸ਼ਿਕਾਇਤਕਰਤਾ ਰਾਮ ਲਾਲ ਅਤੇ ਗੁਰਤੇਜ ਸਿੰਘ ਨੂੰ ਥਾਣਾ ਨੇਹੀਆ ਵਾਲਾ ਵਿਖੇ ਮਿਤੀ 04.11.2022 ਨੂੰ ਫੜਾ ਦਿੱਤਾ ਸੀ ਜਿਸਤੇ ਅਗਲੇ ਦਿਨ ਐਸ.ਐਚ.ਓ ਬਲਕੌਰ ਸਿੰਘ ਅਤੇ ਏ.ਐਸ.ਆਈ ਪਰਮਜੀਤ ਸਿੰਘ ਵੱਲੋਂ ਉਹਨਾ ਦਾ ਦੂਸਰੀ ਧਿਰ ਨਾਲ ਥਾਣੇ ਵਿਖੇ ਜੁਬਾਨੀ ਰਾਜੀਨਾਮਾ ਕਰਵਾ ਦਿੱਤਾ ਸੀ। ਉਕਤ ਦੋਹਾਂ ਪੁਲਿਸ ਮੁਲਾਜਮਾਂ ਨੇ ਇਹਨਾ ਦੋਹਾਂ ਖਿਲਾਫ ਮੁਕੱਦਮਾ ਨਾ ਦਰਜ ਕਰਨ ਤੇ ਰਾਜੀਨਾਮਾ ਕਰਵਾਉਣ ਦੇ ਸਬੰਧ ਵਿੱਚ ਸ਼ਿਕਾਇਤਕਰਤਾ ਰਾਮ ਲਾਲ ਪਾਸੋਂ 3,00,000 ਰੁਪਏ ਬਤੌਰ ਰਿਸ਼ਵਤ ਦੀ ਮੰਗ ਕੀਤੀ ਸੀ।


ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਸ਼ਿਕਾਇਤ ਦੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਬਠਿੰਡਾ ਰੇਂਜ਼ ਦੀ ਟੀਮ ਨੇ ਉਕਤ ਦੋਸ਼ੀਆਂ ਐਸ.ਐਚ.ਓ ਬਲਕੌਰ ਸਿੰਘ ਅਤੇ ਏ.ਐਸ.ਆਈ ਪਰਮਜੀਤ ਸਿੰਘ ਥਾਣਾ ਨੇਹੀਆ ਵਾਲਾ ਜਿਲ੍ਹਾ ਬਠਿੰਡਾ ਨੂੰ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ 50,000 ਰੁਪਏ ਰਿਸ਼ਵਤ ਦੀ ਪਹਿਲੀ ਰਾਸ਼ੀ ਵਜੋਂ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ। ਉਪਰੰਤ ਵਿਜੀਲੈਂਸ ਦੀ ਟੀਮ ਵਲੋਂ ਦੋਸ਼ੀ ਪੁਲਿਸ ਮੁਲਾਜਮਾਂ ਦੇ ਵਾਹਨ ਦੀ ਤਲਾਸ਼ੀ ਮੌਕੇ 50,000 ਹੋਰ ਰੁਪਏ ਬਤੌਰ ਨਗਦ ਬਰਾਮਦ ਕੀਤੇ ਗਏ। ਇਸ ਸਬੰਧ ਵਿੱਚ ਉਕਤ ਦੋਹਾਂ ਦੋਸ਼ੀਆਂ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਥਾਣਾ ਵਿਜੀਲੈਂਸ ਬਿੳਰੋ ਰੇਂਜ ਬਠਿੰਡਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।