ਰਿਸ਼ਵਤ ਲੈਂਦੇ ਥਾਣੇਦਾਰ ਤੇ ਹੌਲਦਾਰ ਟੰਗੇ
ਏਬੀਪੀ ਸਾਂਝਾ | 23 Feb 2018 05:00 PM (IST)
ਪ੍ਰਤੀਕਾਤਮਕ ਤਸਵੀਰ
ਬਠਿੰਡਾ: ਵਿਜੀਲੈਂਸ ਪੁਲਿਸ ਨੇ ਤਲਵੰਡੀ ਸਾਬੋ ਦੇ ਐਸਐਚਓ ਤੇ ਹੌਲਦਾਰ ਨੂੰ ਰਿਸ਼ਵਤ ਦੇ ਇਲਜ਼ਾਮ ਤਹਿਤ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਪੁਲਿਸ ਨੇ ਦੱਸਿਆ ਕਿ ਐਸਐਚਓ ਮਹਿੰਦਰਜੀਤ ਸਿੰਘ ਤੇ ਹੌਲਦਾਰ ਗੁਰਮੀਤ ਸਿੰਘ ਨੂੰ 17,500 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਬਠਿੰਡਾ ਵਿਜੀਲੈਂਸ ਦੇ ਐਸਐਸਪੀ ਮੁਤਾਬਕ ਤਹਿਸੀਲ ਮੋੜ 'ਚ ਪੈਂਦੇ ਪਿੰਡ ਬੱਲੋਂ ਦੇ ਬਸੰਤ ਸਿੰਘ ਨੇ ਉਨ੍ਹਾਂ ਕੋਲ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਜੋਧਪੁਰ ਪਾਖਰ ਦੇ ਚਮਕੌਰ ਸਿੰਘ ਨਾਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਚੱਲਦਾ ਹੈ। ਇਸ ਦਾ ਰਾਜੀਨਾਵਾਂ ਕਰਵਾਉਣ ਲਈ ਥਾਣੇਦਾਰ ਨੇ ਉਸ ਕੋਲੋਂ ਪੈਂਤੀ ਹਜ਼ਾਰ ਰੁਪਏ ਰਿਸ਼ਵਤ ਦੀ ਮੰਗੀ। ਉਹ ਸਾਢੇ ਬਾਰਾਂ ਹਜ਼ਾਰ ਉਹ ਲੈ ਚੁੱਕੇ ਹਨ ਜਦਕਿ ਬਾਕੀ ਰਕਮ ਲਈ ਮਜਬੂਰ ਕਰ ਰਹੇ ਹਨ। ਉਧਰ ਸ਼ਿਕਾਇਤਕਰਤਾ ਬਸੰਤ ਸਿੰਘ ਨੇ ਦੱਸਿਆ ਕਿ ਉਸ ਨੇ ਚਮਕੌਰ ਸਿੰਘ ਕੋਲੋਂ ਤਕਰੀਬਨ ਡੇਢ ਲੱਖ ਰੁਪਇਆ ਲੈਣਾ ਸੀ। ਇਸ ਦੇ ਚੱਲਦੇ ਉਸ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਤੇ ਪੁਲਿਸ ਨੇ ਰਾਜੀਨਾਵਾਂ ਕਰਵਾਉਣ ਦੇ ਪੈਂਤੀ ਹਜ਼ਾਰ ਰੁਪਏ ਮੰਗੇ ਸਨ। ਉੱਧਰ ਗ੍ਰਿਫ਼ਤਾਰ ਐਸਐਚਓ ਨੇ ਤਾਂ ਸਾਰਾ ਭਾਂਡਾ ਹੌਲਦਾਰ ਸਿਰ ਹੀ ਭੰਨ੍ਹ ਦਿੱਤਾ ਜਦਕਿ ਹੌਲਦਾਰ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।