ਪਟਿਆਲਾ: ਆਮ ਆਦਮੀ ਪਾਰਟੀ ਦੇ ਲੀਡਰ ਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਸਾਬਕਾ ਖ਼ਾਲਿਸਤਾਨੀ ਜਸਪਾਲ ਸਿੰਘ ਅਟਵਾਲ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਡਿਨਰ ਪਾਰਟੀ ਵਿੱਚ ਸੱਦੇ ਤੋਂ ਪੈਦਾ ਹੋਏ ਵਿਵਾਦ 'ਤੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ ਹੈ। ਖਹਿਰਾ ਦਾ ਕਹਿਣਾ ਹੈ ਕਿ ਜਿੱਥੇ ਇਸ ਮਸਲੇ ਨੂੰ ਮੀਡੀਆ ਨੇ ਤੂਲ ਦਿੱਤਾ ਹੈ, ਉੱਥੇ ਟਰੂਡੋ ਨਾਲ ਆਪਣੀ ਮੁਲਾਕਾਤ ਸਮੇਂ ਕੈਪਟਨ ਨੇ ਅਤਿਵਾਦੀ ਸਰਗਰਮੀਆਂ ਵਿੱਚ ਸ਼ਾਮਲ 9 ਵਿਅਕਤੀਆਂ ਦੀ ਸੂਚੀ 'ਤੇ ਆਪਣਾ ਸਾਰਾ ਸਮਾਂ ਖਰਾਬ ਕਰ ਦਿੱਤਾ।




ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਟਰੂਡੋ ਨਾਲ ਮੁਲਾਕਾਤ ਸਮੇਂ 9 ਬਲੈਕ ਲਿਸਟ ਲੋਕਾਂ ਦੀ ਥਾਂ ਕੈਨੇਡਾ ਨਾਲ ਵੀਜ਼ਾ ਪਾਲਿਸੀਆਂ ਤੇ ਵਪਾਰਕ ਸਬੰਧਾਂ ਬਾਰੇ ਗੱਲ ਕਰਨੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਜਸਪਾਲ ਅਟਵਾਲ ਵਾਲੇ ਮੁੱਦੇ ਨੂੰ ਮੀਡੀਆ ਨੇ ਹੀ ਉਛਾਲਿਆ ਹੈ।

ਉਨ੍ਹਾਂ ਪ੍ਰਕਾਸ਼ ਸਿੰਘ ਬਾਦਲ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਉਹ ਆਏ ਦਿਨ ਸਜ਼ਾਯਾਫ਼ਤਾ ਜਗੀਰ ਕੌਰ ਨੂੰ ਸਟੇਜਾਂ 'ਤੇ ਬਿਠਾਉਂਦੇ ਨੇ ਉਦੋਂ ਮੀਡੀਆ ਰੌਲਾ ਨਹੀਂ ਪਾਉਂਦਾ ਤੇ ਕੈਪਟਨ ਅਮਰਿੰਦਰ ਸਿੰਘ ਦੀ ਇੰਗਲੈਂਡ ਫੇਰੀ ਸਮੇਂ ਇੱਕ ਅਪਰਾਧੀ ਕਿਸਮ ਦੇ ਵਿਅਕਤੀ ਦੇ ਘਰ ਠਹਿਰਨ ਤੇ ਡਿਨਰ ਕਰਨ 'ਤੇ ਕੋਈ ਵਿਵਾਦ ਨਹੀਂ ਹੋਇਆ।

ਖਹਿਰਾ ਨੇ ਕਿਹਾ ਕਿ ਦੇਸ਼ ਨੂੰ ਹਜ਼ਾਰਾਂ ਕਰੋੜ ਦਾ ਚੂਨਾ ਲਾਉਣ ਵਾਲੇ ਨੀਰਵ ਮੋਦੀ ਦਾਵੋਸ ਵਿੱਚ ਪੀਐਮ ਨਾਲ ਫੋਟੋਆਂ ਖਿਚਵਾ ਆਇਆ ਉਦੋਂ ਕਿਸੇ ਨੇ ਰੌਲਾ ਨਹੀਂ ਪਾਇਆ। ਉਨ੍ਹਾਂ ਕਿਹਾ ਕਿ ਅਟਵਾਲ ਦਾ ਇੱਥੇ ਡਿਨਰ ਸਮਾਗਮ 'ਚ ਸ਼ਾਮਲ ਹੋਣ 'ਤੇ ਵਿਵਾਦ ਬੇਤੁਕਾ ਹੈ। ਉਨ੍ਹਾਂ ਕਿਹਾ ਕਿ ਲੀਡਰ ਦੇਸ਼ ਨੂੰ ਅਗਾਂਹ ਲਿਜਾਣ ਦੀ ਥਾਂ ਵਾਧੂ ਦੇ ਮੁੱਦਿਆਂ ਵਿੱਚ ਉਲਝਾ ਰਹੇ ਹਨ, ਜਦੋਂ ਸੱਦਾ ਦੇਣ ਵਾਲੇ ਮੰਤਰੀ ਨੇ ਮੁਆਫ਼ੀ ਮੰਗ ਲਈ ਫਿਰ ਰੌਲਾ ਕਿਉਂ, ਇਹ ਸਭ ਬੇਕਾਰ ਗੱਲਾਂ ਹਨ।

ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਕੈਪਟਨ ਚਾਹੁੰਦੇ ਤਾਂ ਕੈਨੇਡਾ ਨਾਲ ਸਬੰਧ ਹੋਰ ਵੀ ਸੁਖਾਵੇਂ ਤੇ ਵੀਜ਼ਾ ਨੀਤੀ ਸਰਲ ਕਰਨ ਬਾਰੇ ਗੱਲ ਕਰ ਸਕਦੇ ਸੀ ਪਰ ਉਨ੍ਹਾਂ ਸਿਰਫ 9 ਬੰਦਿਆਂ ਦੇ ਮਾਮਲੇ ਵਿੱਚ ਹੀ ਆਪਣੇ 40 ਮਿੰਟ ਖ਼ਰਾਬ ਕਰ ਦਿੱਤੇ।



ਹਾਲਾਂਕਿ, ਸਾਬਕਾ ਖਾਲਿਸਤਾਨੀ ਜਸਪਾਲ ਸਿੰਘ ਅਟਵਾਲ ਨੇ ਆਪਣੀ ਸਫਾਈ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਸਾਲ 1986 ਵਿੱਚ ਹੋਈ ਸ਼ੂਟਿੰਗ ਦੀ ਇੱਕ ਘਟਨਾ ਨੂੰ ਅੱਜ ਇਸ ਤਰੀਕੇ ਨਾਲ ਉਛਾਲਣਾ ਠੀਕ ਨਹੀਂ। ਅਟਵਾਲ ਨੇ ਕੈਨੇਡਾ ਦੀ ਮੀਡੀਆ ਨੂੰ ਇਹ ਵੀ ਕਿਹਾ ਕਿ ਉਹ ਮੁੰਬਈ ਵਿੱਚ ਵਪਾਰ ਨਾਲ ਜੁੜੇ ਕਿਸੇ ਕੰਮ ਆਏ ਸੀ। ਉਨ੍ਹਾਂ ਦਾ ਦਿੱਲੀ ਦੇ ਡਿਨਰ ਵਿੱਚ ਸ਼ਾਮਲ ਹੋਣ ਦਾ ਕੋਈ ਵਿਚਾਰ ਨਹੀਂ ਸੀ। ਉਹ 11 ਫਰਵਰੀ ਨੂੰ ਭਾਰਤ ਆਏ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਡੈਲੀਗੇਸ਼ਨ ਨਾਲ ਨਹੀਂ ਸਗੋਂ ਨਿੱਜੀ ਦੌਰੇ ‘ਤੇ ਭਾਰਤ ਆਏ ਸਨ।

ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਪਤਨੀ ਤੇ ਮੰਤਰੀ ਨਾਲ ਨਜ਼ਰ ਆਏ ਸਾਬਕਾ ਖ਼ਾਲਿਸਤਾਨੀ ਜਸਪਾਲ ਅਟਵਾਲ ਮੁੰਬਈ ਵਿੱਚ ਇੱਕ ਸਮਾਗਮ ਵਿੱਚ ਪਹੁੰਚੇ ਸਨ। ਉਹ ਐਮ.ਪੀ. ਰਣਦੀਪ ਐਸ. ਸਰਾਏ ਦੇ ਸੱਦੇ 'ਤੇ ਸਮਾਗਮ ਵਿੱਚ ਸ਼ਾਮਲ ਹੋਏ ਸਨ। ਸਰਾਏ ਨੇ ਇਸ ਦੀ ਜ਼ਿੰਮੇਵਾਰੀ ਲੈਂਦੇ ਹੋਏ ਮੁਆਫੀ ਵੀ ਮੰਗੀ ਹੈ।