ਚੰਡੀਗੜ੍ਹ: ਪੰਜਾਬ ਪੁਲਿਸ ਦੇ ਥਾਣੇਦਾਰ ਪਰਮਿੰਦਰ ਸਿੰਘ ਬਾਜਵਾ ਨੇ ਪੂਰੀ ਕਾਂਗਰਸ ਸਰਕਾਰ ਨੂੰ ਵਖਤ ਪਾਇਆ ਹੋਇਆ ਹੈ। ਸੋਮਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਦੋਸ਼ ਲਾਏ ਕਿ ਥਾਣੇਦਾਰ ਬਾਜਵਾ ਨੇ ਵਿਰੋਧੀਆਂ ਦੇ ਇਸ਼ਾਰੇ 'ਤੇ ਕਾਂਗਰਸੀ ਉਮੀਦਵਾਰ ਲਾਡੀ ਸ਼ੇਰੋਵਾਲੀਆ ਖ਼ਿਲਾਫ਼ ਪਰਚਾ ਦਰਜ ਕੀਤਾ ਸੀ। ਕੈਪਟਨ ਨੇ ਕਿਹਾ ਕਿ ਥਾਣੇਦਾਰ ਨੇ ਪਰਚਾ ਦਰਜ ਕਰਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਤੇ ਅਕਾਲੀ ਲੀਡਰ ਦਲਜੀਤ ਸਿੰਘ ਚੀਮਾ ਨਾਲ ਫੋਨ 'ਤੇ ਗੱਲ਼ ਕੀਤੀ ਸੀ।

 

ਇਸ ਦੇ ਜਵਾਬ ਵਿੱਚ ਥਾਣੇਦਾਰ ਬਾਜਵਾ ਨੇ ਵੀ ਜਲੰਧਰ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਆਪਣੇ ਖ਼ਿਲਾਫ਼ ਲੱਗੇ ਦੋਸ਼ਾਂ ਦਾ ਠੋਕਵਾਂ ਜਵਾਬ ਦਿੱਤਾ। ਬਾਜਵਾ ਨੇ ਕੈਪਟਨ ਵੱਲੋਂ ਲਾਏ ਗਏ ਦੋਸ਼ਾਂ ਨੂੰ ਨਕਾਰ ਦਿੱਤਾ ਤੇ ਸ਼ਰੇਆਮ ਹਾਈਕੋਰਟ ਤੱਕ ਜਾਣ ਦੀ ਚੇਤਾਵਨੀ ਦੇ ਦਿੱਤੀ। ਇੱਥੋਂ ਤੱਕ ਕਿ ਬਾਜਵਾ ਨੇ ਆਪਣੇ ਸੀਨੀਅਰਾਂ ਅਫਸਰਾਂ ਦੀਆਂ ਦਿੱਤੀਆਂ ਸਾਰੀਆਂ ਸਫ਼ਾਈਆਂ ਨੂੰ ਵੀ ਝੂਠ ਕਰਾਰ ਦਿੱਤਾ। ਬਾਜਵਾ ਨੇ ਕਿਹਾ ਕਿ ਉਸ ਨੇ ਬਿਲਕੁਲ ਨਿਯਮਾਂ ਦੀ ਉਲੰਘਣਾ ਨਹੀਂ ਕੀਤੀ ਤੇ ਕਾਨੂੰਨੀ ਪ੍ਰਕਿਰਿਆ ਤਹਿਤ ਹੀ ਪਰਚਾ ਦਰਜਾ ਕੀਤਾ ਗਿਆ ਹੈ।

ਬਾਜਵਾ ਨੇ ਸ਼ੰਕਾ ਜ਼ਾਹਰ ਕੀਤੀ ਕਿ ਚੋਣਾਂ ਤੱਕ ਤਾਂ ਸਰਕਾਰ ਉਸ ਦਾ ਕੁਝ ਨਹੀਂ ਵਿਗਾੜ ਸਕਦੀ ਪਰ ਚੋਣਾਂ ਤੋਂ ਬਾਅਦ ਸਰਕਾਰ ਉਸ ਨੂੰ ਨੌਕਰੀ ਤੋਂ ਕੱਢ ਸਕਦੀ ਤੇ ਜਾਂ ਫਿਰ ਕੋਈ ਹੋਰ ਨੁਕਸਾਨ ਕਰ ਸਕਦੀ ਹੈ। ਬਾਜਵਾ ਨੇ ਕਿਹਾ ਕਿ ਸਰਕਾਰ ਨੇ ਉਸ ਦੇ ਗੰਨਮੈਨ ਅਤੇ ਸਰਵਿਸ ਰਿਵਾਲਵਰ ਵਾਪਸ ਲਏ ਹਨ ਤੇ ਉਹ ਆਪਣੇ ਨਿੱਜੀ ਹਥਿਆਰਾਂ ਨਾਲ ਆਪਣੀ ਸੁਰੱਖਿਆ ਕਰ ਰਿਹਾ ਹੈ।

ਯਾਦ ਰਹੇ ਜਲੰਧਰ ਦਿਹਾਤੀ ਦੇ ਐਸਐਸਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਪਰਚਾ ਦਰਜ ਹੋਣ ਤੋਂ ਬਾਅਦ ਮੀਡੀਆ ਨੂੰ ਦੱਸਿਆ ਸੀ ਕਿ ਐਸਐਚਓ ਨੇ ਪਰਚਾ ਦਰਜ ਕਰਨ ਸਮੇਂ ਨਿਯਮਾਂ ਦੀ ਉਲੰਘਣਾ ਕੀਤੀ ਹੈ ਤੇ ਕਿਸੇ ਸੀਨੀਅਰ ਅਫਸਰ ਨਾਲ ਗੱਲਬਾਤ ਵੀ ਨਹੀਂ ਕੀਤੀ ਸੀ। ਬਾਜਵਾ ਨੇ ਕਿਹਾ ਕਿ ਪਰਚਾ ਦਰਜ ਕਰਨ ਵਿੱਚ ਕਿਸੇ ਵੀ ਵਿਰੋਧੀ ਪਾਰਟੀ ਦੇ ਸਿਆਸੀ ਆਗੂ ਦਾ ਹੱਥ ਨਹੀਂ। ਉਨ੍ਹਾਂ ਕਿਹਾ ਕਿ ਸਰਕਾਰ ਉਸ ਦੇ ਫੋਨ ਦੀਆਂ ਕਾਲ ਡਿਟੇਲਾਂ ਕਢਵਾ ਕੇ ਦੇਖ ਸਕਦੀ ਹੈ।

ਬਾਜਵਾ ਨੇ ਬਾਗੀ ਰੁਖ ਵਿਖਾਉਂਦਿਆ ਕਿਹਾ ਕਿ ਉਹ ਪਰਚਾ ਰੱਦ ਕਰਨ ਦੀ ਰਿਪੋਰਟ ’ਤੇ ਆਪਣੇ ਦਸਤਖ਼ਤ ਨਹੀਂ ਕਰੇਗਾ। ਜੇਕਰ ਪਰਚਾ ਰੱਦ ਕੀਤਾ ਜਾਂਦਾ ਹੈ ਤਾਂ ਇਸ ਖ਼ਿਲਾਫ਼ ਉਹ ਹਾਈਕੋਰਟ ਤੱਕ ਪਹੁੰਚ ਕਰੇਗਾ। ਬਾਜਵਾ ਨੇ ਪੁਸ਼ਟੀ ਕੀਤੀ ਕਿ ਉਸ ਨੇ ਖ਼ੁਦ ਆਪਣਾ ਅਸਤੀਫ਼ਾ ਲਿਖਿਆ ਸੀ ਤੇ ਬਾਅਦ ਵਿੱਚ ਸੀਨੀਅਰ ਅਫਸਰਾਂ ਵੱਲੋਂ ਦਬਾਅ ਪਾ ਕੇ ਉਸ ਨੂੰ ਰੱਦ ਕਰਕੇ ਨੌਕਰੀ ’ਤੇ ਬਹਾਲ ਰਹਿਣ ਵਾਲੀ ਚਿੱਠੀ ਲਿਖਵਾਈ ਗਈ ਸੀ।