ਚੰਡੀਗੜ੍ਹ: ਸ਼ਾਹਕੋਟ ਜ਼ਿਮਨੀ ਚੋਣ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਕਰਾਰਾ ਝਟਕਾ ਲੱਗਾ ਹੈ। ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸੀਨੀਅਰ ਲੀਡਰ ਤੋਂ ਇਲਾਵਾ ਸ਼ਾਹਕੋਟ ਹਲਕੇ ਦੇ 23 ਪਿੰਡਾਂ ਦੇ ਸਰਪੰਚ ਕਾਂਗਰਸ ਵਿੱਚ ਸ਼ਾਮਲ ਹੋ ਗਏ।
ਅਕਾਲੀ ਦਲ ਦੇ ਜਨਰਲ ਸਕੱਤਰ ਰਵਿੰਦਰ ਟੁਰਨਾ ਤੇ ਜਸਬੀਰ ਸਿੰਘ ਗਿੱਲ ਦੋ ਵੱਡੇ ਲੀਡਰ ਕਾਂਗਰਸ ਵਿੱਚ ਸ਼ਾਮਲ ਹੋ ਗਏ। ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦੋਵੇਂ ਆਗੂਆਂ ਤੇ ਸਰਪੰਚਾਂ ਦਾ ਕਾਂਗਰਸ ਵਿੱਚ ਸਵਾਗਤ ਕੀਤਾ। ਅਕਸਰ ਪੰਜਾਬ ਕਾਂਗਰਸ ਵਿੱਚ ਧੜੇਬੰਦੀ ਵੇਖੀ ਜਾਂਦੀ ਰਹੀ ਹੈ ਪਰ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਵੀ ਪਾਰਟੀ ਦੀ ਇੱਕਜੁਟਤਾ ਦਾ ਮੁਜ਼ਾਹਰਾ ਕੀਤਾ।
ਅੱਜ ਚੰਡੀਗੜ੍ਹ ਦੇ ਪੰਜਾਬ ਭਵਨ ਵਿੱਚ ਹੋਈ ਪ੍ਰੈਸ ਕਾਨਫਰੰਸ 'ਚ ਕੈਪਟਨ ਨੇ ਕਿਹਾ ਕਿ ਉਨ੍ਹਾਂ ਦੇ ਸ਼ਾਹਕੋਟ ਤੋਂ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਬੇਕਸੂਰ ਹਨ ਤੇ ਉਨ੍ਹਾਂ ਵਿਰੁੱਧ ਦਰਜ ਨਾਜਾਇਜ਼ ਮਾਇਨਿੰਗ ਦਾ ਕੇਸ ਸਹੀ ਨਹੀਂ ਹੈ।
ਮੁੱਖ ਮੰਤਰੀ ਨੇ ਇਲਜ਼ਾਮ ਲਾਏ ਕਿ ਮਹਿਤਪੁਰ ਦੇ SHO ਨੇ ਲਾਡੀ ਵਿਰੁੱਧ ਪਰਚਾ ਦਰਜ ਕਰਨ ਤੋਂ ਪਹਿਲਾਂ ਰਾਤ ਨੂੰ 11 ਵਜੇ ਉਸ ਨੇ ਸੁਖਪਾਲ ਖਹਿਰਾ ਨਾਲ ਗੱਲ ਕੀਤੀ ਤੇ ਫਿਰ ਸਵੇਰੇ ਸਾਢੇ ਛੇ ਵਜੇ ਦਲਜੀਤ ਚੀਮਾ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਚੋਣ ਕਮਿਸ਼ਨ ਨੂੰ ਪੂਰੇ ਮਾਮਲੇ ਦੀ ਜਾਂਚ ਕਰਨ ਦੀ ਗੁਜ਼ਾਰਿਸ਼ ਕਰਾਂਗੇ।