ਸੰਗਰੂਰ: ਮਲੇਰਕੋਟਲਾ 'ਚ ਤਾਇਨਾਤ ਥਾਣੇਦਾਰ ਨੂੰ ਉਸ ਸਮੇਂ ਅਸਹਿਜ ਮਾਹੌਲ ਦਾ ਸਾਹਮਣਾ ਕਰਨਾ ਪਿਆ, ਜਦ ਉਸ ਦੀ ਸਰਕਾਰੀ ਗੱਡੀ ਦੀ ਹੀ ਨੰਬਰ ਪਲੇਟ ਗਾਇਬ ਸੀ। ਪਰ ਪੁਲਿਸ ਅਧਿਕਾਰੀ ਨੇ ਅਣਗਹਿਲੀ ਮਗਰੋਂ ਆਪਣੀ ਇਮਾਨਦਾਰੀ ਦਾ ਸਬੂਤ ਦਿੰਦਿਆਂ ਸਰਕਾਰੀ ਗੱਡੀ ਦਾ ਚਲਾਣ ਕੱਟ ਦਿੱਤਾ। ਦਰਅਸਲ, ਮਲੇਰਕੋਟਲਾ ਦੇ ਥਾਣੇਦਾਰ ਦੀ ਸਰਕਾਰੀ ਗੱਡੀ ਨੰਬਰ ਪਲੇਟ ਤੋਂ ਬਗ਼ੈਰ ਚੱਲ ਰਹੀ ਸੀ। ਸ਼ਨੀਵਾਰ ਸ਼ਾਮ ਜਦ ਬੱਸ ਸਟੈਂਡ ਰੋਡ 'ਤੇ ਜਦ ਪੁਲਿਸ ਗ਼ਲਤ ਪਾਰਕਿੰਗ ਵਾਲੇ ਵਾਹਨਾਂ ਵਿਰੁੱਧ ਕਾਰਵਾਈ ਕਰ ਰਹੀ ਸੀ ਤਾਂ ਲੋਕਾਂ ਦਾ ਧਿਆਨ ਬਗ਼ੈਰ ਨੰਬਰ ਪਲੇਟ ਤੋਂ ਚੱਲ ਰਹੀ ਸਰਕਾਰੀ ਗੱਡੀ ਵੱਲ ਪਿਆ। ਮੌਕੇ 'ਤੇ ਮੌਜੂਦ ਪੱਤਰਕਾਰਾਂ ਤੇ ਹੋਰ ਲੋਕਾਂ ਨੇ ਉਨ੍ਹਾਂ ਤੋਂ ਇਸ ਬਾਰੇ ਪੁੱਛਿਆ ਤਾਂ ਥਾਣੇਦਾਰ ਸਾਬ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਅਤੇ ਉਨ੍ਹਾਂ ਆਪਣੀ ਹੀ ਗੱਡੀ ਦਾ ਚਲਾਨ ਕੱਟ ਲਿਆ। ਇੰਸਪੈਕਟਰ ਰਾਜੇਸ਼ ਸਨੇਹੀ ਨੇ ਕਿਹਾ ਕਿ ਉਹ ਮਹੀਨਾ ਕੁ ਪਹਿਲਾਂ ਹੀ ਮਲੇਰਕੋਟਲਾ ਥਾਣੇ ਆਏ ਹਨ ਅਤੇ ਕਦੇ ਧਿਆਨ ਹੀ ਨਹੀਂ ਦਿੱਤਾ ਗਿਆ ਕਿ ਉਨ੍ਹਾਂ ਦੀ ਸਰਕਾਰੀ ਗੱਡੀ ਹੀ ਨਿਯਮਾਂ ਦੀ ਉਲੰਘਣਾ ਕਰ ਰਹੀ ਸੀ। ਸਨੇਹੀ ਨੇ ਪੱਤਰਕਾਰਾਂ ਸਾਹਮਣੇ ਹੀ ਚਲਾਨ ਬੁੱਕ ਕੱਢੀ ਤੇ ਆਪਣੀ ਸਰਕਾਰੀ ਗੱਡੀ ਦਾ ਚਲਾਨ ਕੱਟਣ ਲੱਗੇ। ਪੁਲਿਸ ਵਾਲਿਆਂ ਵੱਲੋਂ ਵਰਦੀ ਦਾ ਰੋਬ੍ਹ ਝਾੜਦਿਆਂ ਦੀ ਅਕਸਰ ਹੀ ਵੀਡੀਓ ਵਾਇਰਲ ਜਾਂ ਖ਼ਬਰ ਆਉਂਦੀ ਰਹਿੰਦੀ ਹੈ। ਸਨੇਹੀ ਨੇ ਆਪਣੀ ਗ਼ਲਤੀ ਮੰਨਦਿਆਂ ਕਾਨੂੰਨੀ ਕਾਰਵਾਈ ਵੀ ਕੀਤੀ ਤੇ ਸਰਕਾਰੀ ਗੱਡੀ ਵਿੱਚ ਕਮੀ ਨੂੰ ਛੇਤੀ ਹੀ ਦੂਰ ਕਰਨ ਦੀ ਗੱਲ ਵੀ ਕਹੀ।