ਸਿੱਧੂ ਤੇ ਮਜੀਠੀਆ ਕੱਢਣਾ ਚਾਹੁੰਦੇ ਇੱਕ-ਦੂਜੇ ਦੀ 'ਧੌਣ 'ਚੋਂ ਕਿੱਲਾ'
ਏਬੀਪੀ ਸਾਂਝਾ | 24 Mar 2018 03:08 PM (IST)
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਅੱਜ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਵਿਚਕਾਰ ਫਿਰ ਤੋਂ ਖੜਕ ਗਈ। ਦਰਅਸਲ, ਵਿਧਾਨ ਸਭਾ 'ਚ ਇੱਕ ਵਿਧਾਇਕ ਨੇ ਨਵਜੋਤ ਸਿੰਘ ਸਿੱਧੂ ਨੂੰ ਸਵਾਲ ਪੱਛਆ ਸੀ ਤੇ ਸਿੱਧੂ ਸਵਾਲ ਦੇ ਜਵਾਬ 'ਚ ਬਹੁਤਾ ਸੰਤੁਸ਼ਟ ਨਾ ਕਰਵਾ ਸਕੇ। ਇਸੇ ਸਮੇਂ ਮਜੀਠੀਆ ਨੇ ਸਿੱਧੂ ਖਿਲਾਫ਼ ਬੋਲਣਾ ਸ਼ੁਰੂ ਕਰ ਦਿੱਤਾ। ਮਜੀਠੀਆ ਤੋਂ ਭੜਕੇ ਸਿੱਧੂ ਨੇ ਉਨ੍ਹਾਂ ਲਈ ਨਸ਼ਿਆਂ ਸਬੰਧੀ ਇੱਕ ਤਿੱਖਾ ਸ਼ਬਦ ਵਰਤਿਆ। ਇਸ ਸ਼ਬਦ ਨੂੰ ਸਪੀਕਰ ਨੇ ਕਾਰਵਾਈ 'ਚੋਂ ਕਢਵਾ ਦਿੱਤਾ। ਸਿੱਧੂ ਨੇ ਫਿਰ ਕਿਹਾ, "ਮਜੀਠੀਆ ਤੇਰੀ ਧੌਣ 'ਚ ਕਿੱਲਾ ਹੈ। ਹੌਲੀ-ਹੌਲੀ ਨਿੱਕਲ ਜਾਵੇਗਾ। ਮੈਂ ਤੈਨੂੰ ਖੜਕਾ ਕੇ ਤੇਰਾ ਸਭ ਕੁਝ ਕੱਢ ਲਾਵਾਂਗਾ।" ਮਜੀਠੀਆ ਨੇ ਵੀ ਅੱਗੋਂ ਕਿਹਾ, "ਕਿੱਲਾ ਮੇਰੇ ਨਹੀਂ ਤੇਰੇ ਹੈ ਤੇ ਤੈਨੂੰ ਦੱਸਾਂਗੇ ਕਿ ਕਿਹੜੇ ਭਾਅ ਵਿਕਦੀ ਹੈ। ਤੂੰ ਚਮਚਾਗਿਰੀ ਦਾ ਮਾਹਿਰ ਹੈ।" ਸਿੱਧੂ ਨੇ ਕਿਹਾ ਕਿ ਤੇਰਾ ਬੁੜ੍ਹਕ-ਬੁੜ੍ਹਕ ਉੱਠਣਾ ਰੋਕ ਦਿਆਂਗੇ ਤੇ ਤੈਨੂੰ ਕੋਈ ਦਵਾਈ ਦੇ ਦਿਆਂਗੇ। ਇਸੇ ਸਮੇਂ ਸੁਖਪਾਲ ਖਹਿਰਾ ਨੇ ਕਿਹਾ ਕਿ ਇਹ ਰੋਜ਼ ਸਦਨ ਦਾ ਕੀਮਤੀ ਸਮਾਂ ਬਰਬਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਸਪੀਕਰ ਸਾਹਬ ਇਨ੍ਹਾਂ ਨੂੰ ਲੜਨ ਲਈ ਬਾਹਰ ਭੇਜੋ ਤਾਂ ਕਿ ਪਤਾ ਲੱਗ ਜਾਵੇ ਕਿ ਇਹ ਕਿੰਨੇ ਕੁ ਵੱਡੇ ਬਦਮਾਸ਼ ਹਨ। ਖਹਿਰਾ ਨੇ ਕਿਹਾ ਕਿ ਇਨ੍ਹਾਂ ਦਾ ਕੱਟਾ-ਕੱਟੀ ਹੋਣਾ ਜ਼ਰੂਰੀ ਹੈ।