ਸਿੱਧੂ ਨੇ ਖੁਦ ਚੁੱਕਿਆ ਗੁਰੂ ਨਗਰੀ ਦਾ ਕੂੜਾ
ਏਬੀਪੀ ਸਾਂਝਾ | 31 Jan 2018 11:39 AM (IST)
ਅੰਮ੍ਰਿਤਸਰ: ਪੰਜਾਬ ਦੇ ਕੈਬਨਿਟ ਮੰਤਰੀ ਤੇ ਅੰਮ੍ਰਿਤਸਰ ਤੋਂ ਵਿਧਾਇਕ ਨਵਜੋਤ ਸਿੰਘ ਸਿੱਧੂ ਆਏ ਦਿਨ ਆਪਣੇ ਵੱਖਰੇ ਕੰਮਾਂ ਕਰਕੇ ਚਰਚਾ ਵਿੱਚ ਰਹਿੰਦੇ ਹਨ। ਅੱਜ ਵੀ ਕੁਝ ਇਸ ਤਰ੍ਹਾਂ ਹੀ ਹੋਇਆ। ਜਦੋਂ ਸਿੱਧੂ ਤੜਕੇ ਸ੍ਰੀ ਹਰਿਮੰਦਰ ਸਾਹਿਬ ਨੇੜਲੇ ਇਲਾਕੇ ਵਿੱਚ ਸਫਾਈ ਅਭਿਆਨ ਦੀ ਸ਼ੁਰੂਆਤ ਕਰਨ ਪਹੁੰਚੇ ਤਾਂ ਉਨ੍ਹਾਂ ਪਹਿਲਾਂ ਤਾਂ ਝਾੜੂ ਨਾਲ ਸਫਾਈ ਕੀਤੀ ਤੇ ਬਾਅਦ ਵਿੱਚ ਉੱਥੇ ਲੱਗੇ ਕੂੜੇ ਦੇ ਢੇਰਾਂ ਨੂੰ ਵੀ ਆਪ ਹੀ ਚੁੱਕਿਆ। ਦਰਅਸਲ ਨਵਜੋਤ ਸਿੰਘ ਸਿੱਧੂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਹ ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ ਗੰਦਗੀ ਨੂੰ ਖ਼ਤਮ ਕਰਨ ਲਈ ਆਪ ਇਸ ਅਭਿਆਨ ਦੀ ਸ਼ੁਰੂਆਤ ਕਰਨਗੇ। ਇਸੇ ਦੇ ਚੱਲਦਿਆਂ ਸਿੱਧੂ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਰਿੰਟੂ ਤੇ ਨਿਗਮ ਕਮਿਸ਼ਨਰ ਸੋਨਾਲੀ ਗਿਰੀ ਸਮੇਤ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ ਦੀ ਸਫਾਈ ਕਰਨ ਲਈ ਪਹੁੰਚੇ। ਜਿੱਥੇ ਨਵਜੋਤ ਸਿੰਘ ਸਿੱਧੂ ਖੁਦ ਸਫਾਈ ਕਰਮਚਾਰੀਆਂ ਨਾਲ ਸੜਕਾਂ ਤੋਂ ਕੂੜਾ ਚੁੱਕਦੇ ਦਿਖਾਈ ਦਿੱਤੇ, ਉੱਥੇ ਹੀ ਨਿਗਮ ਕਮਿਸ਼ਨਰ ਸੋਨਾਲੀ ਗਿਰੀ ਵੀ ਪੂਰੀ ਤਨਦੇਹੀ ਨਾਲ ਸੜਕਾਂ 'ਤੇ ਕੂੜੇ ਦੀ ਸਫਾਈ ਕਰਦੀ ਨਜ਼ਰ ਆਈ। ਸਿੱਧੂ ਨੇ ਕਿਹਾ ਕਿ ਅੱਜ ਉਨ੍ਹਾਂ ਵੱਲੋਂ ਇਹ ਸ਼ੁਰੂਆਤ ਗੁਰੂ ਨਗਰੀ ਤੋਂ ਕੀਤੀ ਗਈ ਹੈ ਜਿਸ ਨੂੰ ਪੂਰੇ ਪੰਜਾਬ ਵਿੱਚ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਅਭਿਆਨ ਪਹਿਲਾਂ ਵੀ ਕਈ ਵਾਰ ਹੋਰਾਂ ਲੀਡਰਾਂ ਵੱਲੋਂ ਸ਼ੁਰੂ ਕੀਤੇ ਗਏ ਸਨ ਪਰ ਉਹ ਸਿਰਫ ਫੋਟੋ ਤੱਕ ਹੀ ਸੀਮਤ ਰਹੇ। ਇਸ ਲਈ ਮੈਂ ਅੱਜ ਇੱਥੇ ਫੋਟੋ ਖਿਚਵਾਉਣ ਦੀ ਥਾਂ ਖੁਦ ਕੂੜਾ ਚੁੱਕ ਕੇ ਸਫਾਈ ਕਰਮਚਾਰੀਆਂ ਨੂੰ ਇਹ ਸੰਦੇਸ਼ ਦੇਣ ਆਇਆ ਹਾਂ ਕਿ ਅਸੀਂ ਆਪਣੇ ਸ਼ਹਿਰ ਨੂੰ ਇਸੇ ਤਰ੍ਹਾਂ ਸਾਫ ਸੁਥਰਾ ਰੱਖਣਾ ਹੈ। ਸਿੱਧੂ ਨੇ ਕਿਹਾ ਕਿ ਉਹ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਿਰ ਦੇ ਨੇੜਿਓਂ ਸਫਾਈ ਕਰਨ ਤੋਂ ਬਾਅਦ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਦੇ ਘਰ ਜਾ ਕੇ ਉਨ੍ਹਾਂ ਦੇ ਘਰਾਂ ਦੀ ਵੀ ਸਫਾਈ ਕਰਨਗੇ ਕਿਉਂਕੀ ਜੇਕਰ ਸਾਡੇ ਆਪਣੇ ਘਰ ਸਾਫ ਸੁਥਰੇ ਹੋਣਗੇ ਤਾਂ ਸ਼ਹਿਰ ਵੀ ਆਪ ਮੁਹਾਰੇ ਸਾਫ ਸੁਥਰਾ ਦਿਖੇਗਾ। ਸਿੱਧੂ ਨੇ ਕਿਹਾ ਕਿ ਪੰਜਾਬ ਦੇ ਹਰ ਸ਼ਹਿਰ ਦੀ ਸਾਫ ਸਫਾਈ ਯਕੀਨੀ ਬਣਾਉਣ ਲਈ ਵਿਭਾਗ ਵੱਲੋਂ ਇਸ ਸਾਰੇ ਕੰਮ ਨੂੰ ਆਨਲਾਈਨ ਕਰ ਦਿੱਤਾ ਗਿਆ ਹੈ। ਹੁਣ ਹਰ ਅਧਿਕਾਰੀ ਦੇ ਨਾਲ-ਨਾਲ ਸਫਾਈ ਕਰਮਚਾਰੀ ਵੀ ਆਪਣੇ-ਆਪਣੇ ਇਲਾਕੇ ਦੀ ਸਫਾਈ ਨੂੰ ਲੈ ਕੇ ਜਵਾਬਦੇਹ ਹੋਵੇਗਾ। ਸਿੱਧੂ ਨੇ ਅੱਜ ਸ੍ਰੀ ਗੁਰੂ ਰਵੀ ਦਾਸ ਜੀ ਦੇ ਜਨਮ ਦਿਹਾੜੇ ਦੀ ਵਧਾਈ ਵੀ ਦਿੱਤੀ ਤੇ ਕਿਹਾ ਕਿ ਅੱਜ ਦੇ ਪਵਿੱਤਰ ਦਿਹਾੜੇ 'ਤੇ ਕੀਤੀ ਗਈ ਸ਼ੁਰੂਆਤ ਦੇ ਨਤੀਜੇ ਪੂਰੇ ਪੰਜਾਬ ਦੇ ਲੋਕ ਹਰ ਸ਼ਹਿਰ ਵਿੱਚ ਦੇਖਣਗੇ।