ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲ ਸ਼ਾਰਪਸ਼ੂਟਰ ਪ੍ਰਿਆਵਰਤ ਫੌਜੀ, ਕਸ਼ਿਸ਼ ਅਤੇ ਮਦਦਗਾਰ ਟੀਨੂੰ ਨੂੰ ਪੁਲਿਸ ਨੇ ਰਿਮਾਂਡ 'ਤੇ ਲਿਆ ਹੈ। ਇਹ ਤਿੰਨੋਂ ਜੇਲ੍ਹ ਵਿੱਚ ਬੰਦ ਸਨ। ਮਾਨਸਾ ਦੀ ਅਦਾਲਤ ਵਿੱਚ ਪੇਸ਼ ਹੋਣ ਤੋਂ ਬਾਅਦ ਇਨ੍ਹਾਂ ਦਾ 29 ਦਿਨਾਂ ਦਾ ਰਿਮਾਂਡ ਮਿਲਿਆ ਹੈ। ਇਨ੍ਹਾਂ ਤੋਂ ਮੂਸੇਵਾਲਾ ਦੇ ਕਤਲ ਤੋਂ ਬਾਅਦ ਆਲਟੋ ਕਾਰ ਖੋਹਣ ਦੇ ਮਾਮਲੇ ਵਿੱਚ ਪੁੱਛਗਿੱਛ ਕੀਤੀ ਜਾਵੇਗੀ। ਕਤਲ ਤੋਂ ਬਾਅਦ ਇਨ੍ਹਾਂ ਨੇ ਫ਼ਰਾਰ ਹੋਣ ਲਈ ਹਰਿਆਣਾ ਦੇ ਵਿਅਕਤੀ ਤੋਂ ਕਾਰ ਖੋਹੀ ਸੀ। ਇਸ ਦੇ ਨਾਲ ਹੀ ਉਨ੍ਹਾਂ ਤੋਂ ਫਰਾਰ ਛੇਵੇਂ ਸ਼ਾਰਪਸ਼ੂਟਰ ਦੀਪਕ ਮੁੰਡੀ ਦੇ ਠਿਕਾਣੇ ਬਾਰੇ ਵੀ ਪੁੱਛਗਿੱਛ ਕੀਤੀ ਜਾਵੇਗੀ।



ਬੋਲੇਰੋ ਮਾਡਿਊਲ ਦਾ ਹੈਡ ਸੀ ਫੌਜੀ , ਮੁੰਡੀ ਇਨ੍ਹਾਂ ਦਾ ਹੀ ਸਾਥੀ 


ਲਾਰੈਂਸ ਗੈਂਗ ਵੱਲੋਂ ਮੂਸੇਵਾਲਾ ਨੂੰ ਮਾਰਨ ਲਈ ਕੋਰੋਲਾ ਅਤੇ ਬੋਲੇਰੋ ਮਾਡਿਊਲ ਦੀ ਵਰਤੋਂ ਕੀਤੀ ਜਾਂਦੀ ਸੀ। ਇਨ੍ਹਾਂ ਵਿੱਚ ਕੋਰੋਲਾ ਮਾਡਿਊਲ ਵਿੱਚ ਪੰਜਾਬ ਦੇ ਸ਼ਾਰਪਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਸਨ। ਦੋਵਾਂ ਦਾ ਅੰਮ੍ਰਿਤਸਰ 'ਚ ਐਨਕਾਊਂਟਰ ਹੋ ਚੁੱਕਾ ਹੈ। ਬੋਲੇਰੋ ਮਾਡਿਊਲ  ਵਿੱਚ ਫੌਜੀ ਦੇ ਨਾਲ ਅੰਕਿਤ ਸੇਰਸਾ, ਕਸ਼ਿਸ਼ ਅਤੇ ਦੀਪਕ ਮੁੰਡੀ ਸ਼ਾਮਲ ਸਨ। ਮੁੰਡੀ ਪਹਿਲਾਂ ਰੂਪਾ ਤੇ ਮੰਨੂੰ ਨਾਲ ਹੋਣ ਦੀ ਸੰਭਾਵਨਾ ਸੀ। ਜੇਕਰ ਉਹ ਉਨ੍ਹਾਂ ਨਾਲ ਨਹੀਂ ਮਿਲਿਆ ਤਾਂ ਪੁਲਿਸ ਹੁਣ ਫੌਜੀ ਤੋਂ ਉਸ ਦੇ ਹੋਰ ਲੁਕੇ ਟਿਕਾਣਿਆਂ ਬਾਰੇ ਪੁੱਛਗਿੱਛ ਕਰੇਗੀ।

 29 ਮਈ ਨੂੰ ਹੋਈ ਸੀ ਮੂਸੇਵਾਲਾ ਦੀ ਹੱਤਿਆ 


ਮਾਨਸਾ ਦੇ ਪਿੰਡ ਜਵਾਹਰਕੇ ਵਿੱਚ 29 ਮਈ ਦੀ ਸ਼ਾਮ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਉਸ ਸਮੇਂ ਉਹ ਬਿਨਾਂ ਗੰਨਮੈਨ ਦੇ ਦੋ ਰਿਸ਼ਤੇਦਾਰਾਂ ਨਾਲ ਥਾਰ ਦੀ ਜੀਪ ਵਿੱਚ ਜਾ ਰਿਹਾ ਸੀ। ਕਤਲ ਤੋਂ ਇੱਕ ਦਿਨ ਪਹਿਲਾਂ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਮੂਸੇਵਾਲਾ ਦੀ ਸੁਰੱਖਿਆ ਵਿੱਚ ਕਟੌਤੀ ਕਰਕੇ ਦੋ ਗੰਨਮੈਨ ਵਾਪਸ ਲੈ ਲਏ ਸਨ। ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਲਾਰੈਂਸ ਗੈਂਗ ਨੇ ਲਈ ਹੈ। ਲਾਰੈਂਸ ਗੈਂਗ ਦੇ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਕਿਹਾ ਕਿ ਮੂਸੇਵਾਲਾ ਨੂੰ ਮੋਹਾਲੀ 'ਚ ਕਤਲ ਕੀਤੇ ਲਾਰੈਂਸ ਦੇ ਕਾਲਜ ਦੋਸਤ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਹੱਤਿਆ ਕੀਤੀ ਸੀ।