ਨਵੀਂ ਦਿੱਲੀ: ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਸਾਹਮਣੇ ਆਇਆ ਹੈ ਕਿ ਪਹਿਲਾਂ ਵੀ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਕੋਸ਼ਿਸ਼ ਹੋਈ ਸੀ। ਹਾਲਾਂਕਿ ਜਦੋਂ ਗੈਂਗਸਟਰ ਪਿੰਡ ਮੂਸੇਵਾਲਾ ਪਹੁੰਚੇ ਤਾਂ ਏਕੇ 47 ਵਾਲੇ ਕਮਾਂਡੋਜ਼ ਨੂੰ ਦੇਖ ਕੇ ਵਾਪਸ ਪਰਤ ਆਏ ਸੀ। ਉਨ੍ਹਾਂ ਨੇ ਬਾਅਦ ਵਿੱਚ ਕਤਲ ਲਈ ਗੋਲਡੀ ਬਰਾੜ ਤੋਂ ਰੂਸੀ ਏਐਨ 94 (ਐਵਟੋਮੈਟ ਨਿਕੋਨੋਵ) ਮੰਗਵਾਈ ਸੀ। ਇਸ ਨਾਲ ਹੀ ਤਾਬੜਤੋੜ ਗੋਲੀਆਂ ਚਲਾ ਕੇ ਸਿੱਧੂ ਮੂਸੇਵਾਲਾ ਦੀ ਹੱਤਿਆ ਕੀਤੀ ਗਈ। ਇਸ ਦੇ ਪਿੱਛੇ ਤਿਹਾੜ ਜੇਲ੍ਹ ਤੋਂ ਚੱਲ ਰਿਹਾ ਮੋਬਾਈਲ ਨੰਬਰ 9643****** ਵੀ ਸਾਹਮਣੇ ਆ ਰਿਹਾ ਹੈ।



ਤਿਹਾੜ ਜੇਲ੍ਹ ਵਿੱਚ ਰਚੀ ਗਈ ਸਾਜ਼ਿਸ਼
ਹੁਣ ਤੱਕ ਦੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਤਿਹਾੜ ਜੇਲ੍ਹ ਵਿੱਚ ਰਚੀ ਗਈ ਸੀ, ਕਿਉਂਕਿ ਗੈਂਗਸਟਰ ਲਾਰੈਂਸ ਇੱਥੇ ਹੀ ਬੰਦ ਹੈ। ਉਸ ਨੇ ਕੈਨੇਡਾ ਬੈਠੇ ਗੋਲਡੀ ਬਰਾੜ ਨਾਲ ਮਿਲ ਕੇ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ। ਇਸ ਵਿੱਚ ਪੰਜਾਬੀ ਗਾਇਕ ਮਨਕੀਰਤ ਔਲਖ ਦਾ ਮੈਨੇਜਰ ਵੀ ਸ਼ਾਮਲ ਦੱਸਿਆ ਜਾਂਦਾ ਹੈ। ਸੂਤਰਾਂ ਅਨੁਸਾਰ ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਦੀ ਮਦਦ ਨਾਲ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ, ਕਾਲਾ ਜਠੇੜੀ ਸਮੇਤ ਕੁਝ ਗੈਂਗਸਟਰਾਂ ਤੋਂ ਪੁੱਛਗਿੱਛ ਵੀ ਕੀਤੀ ਹੈ।

ਸੂਤਰਾਂ ਦੀ ਮੰਨੀਏ ਤਾਂ ਇਸ ਗੱਲ ਦਾ ਖੁਲਾਸਾ ਕੁਝ ਸਮਾਂ ਪਹਿਲਾਂ ਦਿੱਲੀ 'ਚ ਗ੍ਰਿਫਤਾਰ ਹੋਏ ਸ਼ਾਹਰੁਖ ਨੇ ਕੀਤਾ ਹੈ। ਸ਼ਾਹਰੁਖ ਨੇ ਦੱਸਿਆ ਸੀ ਕਿ ਗੋਲਡੀ ਬਰਾੜ ਤੇ ਲਾਰੈਂਸ ਕੋਈ ਵੱਡੀ ਸਾਜ਼ਿਸ਼ ਰਚ ਰਹੇ ਹਨ। ਸ਼ਾਹਰੁਖ ਨੇ ਖੁਦ ਮੂਸੇਵਾਲਾ ਦੇ ਕਤਲ ਦੀ ਰੇਕੀ ਵੀ ਕੀਤੀ ਸੀ।

ਹੁਣ ਕਤਲ ਕੇਸ ਵਿੱਚ ਵਰਤੀ ਗਈ ਬੋਲੈਰੋ ਉਹੀ ਹੈ, ਜਿਸ ਦੀ ਵਰਤੋਂ ਸ਼ਾਹਰੁਖ ਨੇ ਆਪਣੇ ਸਾਥੀਆਂ ਸਮੇਤ ਮੂਸੇਵਾਲਾ ਦੀ ਰੇਕੀ ਲਈ ਕੀਤੀ ਸੀ। ਇਸ ਮਾਮਲੇ ਵਿੱਚ ਹਰਿਆਣਾ ਦੇ ਕੁਝ ਗੁੰਡਿਆਂ ਦੇ ਨਾਂ ਵੀ ਸਾਹਮਣੇ ਆ ਰਹੇ ਹਨ। ਸਵਾਲ ਇਹ ਵੀ ਉਠ ਰਿਹਾ ਹੈ ਕਿ ਕੀ ਦਿੱਲੀ ਪੁਲਿਸ ਨੇ ਇਹ ਇਨਪੁਟ ਪੰਜਾਬ ਪੁਲਿਸ ਨਾਲ ਸਾਂਝੇ ਕੀਤੇ ਹਨ ਜਾਂ ਨਹੀਂ? ਜੇਕਰ ਹਾਂ ਤਾਂ ਪੰਜਾਬ ਪੁਲਿਸ ਨੇ ਮੂਸੇਵਾਲਾ ਦੀ ਸੁਰੱਖਿਆ 'ਚ ਕਿਉਂ ਕਟੌਤੀ ਕੀਤੀ ?

ਸ਼ਾਹਰੁਖ ਤੋਂ ਪੁੱਛਗਿੱਛ ਤੋਂ ਬਾਅਦ ਮੂਸੇਵਾਲਾ ਕਤਲ ਕਾਂਡ 'ਚ 8 ਲੋਕਾਂ ਦੀ ਭੂਮਿਕਾ 'ਤੇ ਸ਼ੱਕ ਜਤਾਇਆ ਜਾ ਰਿਹਾ ਹੈ ਜਿਸ ਵਿੱਚ ਗੋਲਡੀ ਬਰਾੜ, ਲਾਰੈਂਸ, ਜੱਗੂ ਭਗਵਾਨਪੁਰੀਆ, ਮਨਪ੍ਰੀਤ ਔਲਖ ਦੇ ਮੈਨੇਜਰ ਸਚਿਨ, ਅਜੇ ਗਿੱਲ, ਸਤਿੰਦਰ ਕਾਲਾ, ਸੋਨੂੰ ਕਾਜਲ ਤੇ ਅਮਿਤ ਕਾਜਲਾ ਸ਼ਾਮਲ ਹਨ। ਸ਼ਾਹਰੁਖ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਗੋਲਡੀ ਬਰਾੜ ਨਾਲ ਸਿਗਨਲ ਐਪ 'ਤੇ ਗੱਲ ਕਰਦਾ ਸੀ। ਸ਼ਾਹਰੁਖ ਦਾ ਫ਼ੋਨ ਹੁਣ ਦਿੱਲੀ ਪੁਲਿਸ ਨੇ ਜ਼ਬਤ ਕਰ ਲਿਆ ਹੈ। ਲਾਰੈਂਸ 'ਤੇ ਸਿਗਨਲ ਐਪ 'ਤੇ ਗੱਲ ਕਰਨ ਦਾ ਵੀ ਸ਼ੱਕ ਹੈ।

ਉਧਰ, ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ 'ਚ ਗੈਂਗ ਵਾਰ ਦੀ ਸੰਭਾਵਨਾ ਵਧ ਗਈ ਹੈ। ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਖੁਦ ਲਾਰੈਂਸ ਗੈਂਗ ਨੇ ਲਈ ਹੈ। ਲਾਰੈਂਸ ਗੈਂਗ ਤੇ ਉਸ ਦੇ ਸਾਥੀ ਗੈਂਗਸਟਰ ਗੋਲਡੀ ਬਰਾੜ ਨੇ ਕਿਹਾ ਕਿ ਅਸੀਂ ਮੋਹਾਲੀ 'ਚ ਕਤਲ ਹੋਏ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈ ਲਿਆ ਹੈ। ਇਸ ਦੇ ਨਾਲ ਹੀ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਮੂਸੇਵਾਲਾ ਦਾ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਹੈ। ਫਿਰ ਵੀ ਉਸਦਾ ਨਾਮ ਸਾਡੇ ਨਾਲ ਜੋੜਿਆ ਜਾ ਰਿਹਾ ਹੈ। ਇਸ ਲਈ ਉਹ ਇਸ ਦਾ ਬਦਲਾ ਲੈਣਗੇ।