ਜਲੰਧਰ: ਜਲੰਧਰ ਇੰਪਰੂਵਮੈਂਟ ਟਰੱਸਟ ਦੀ ਆਡਿਟ ਰਿਪੋਰਟ ਲੈ ਕੇ ਜਲੰਧਰ ਪਹੁੰਚੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਰੀਬ 200 ਕਰੋੜ ਰੁਪਏ ਦੇ ਘੁਟਾਲੇ ਦਾ ਖੁਲਾਸਾ ਕੀਤਾ। ਸਿੱਧੂ ਨੇ ਕਿਹਾ ਕਿ ਬਾਜ਼ਾਰੀ ਕੀਮਤਾਂ ਦੇ ਹਿਸਾਬ ਨਾਲ ਇਹ 200 ਕਰੋੜ ਰੁਪਏ ਦਾ ਘੁਟਾਲਾ ਹੈ ਤੇ ਜੇਕਰ ਕਲੈਕਟਰ ਰੇਟ ਵੀ ਵੇਖੀਏ ਤਾਂ ਘੁਟਾਲਾ 100 ਕਰੋੜ ਦਾ ਨਿਕਲਦਾ ਹੈ। ਇਸ ਮੌਕੇ ਜਲੰਧਰ ਵਿੱਚ ਬੀਜੇਪੀ ਵਰਕਰਾਂ ਨੇ ਸਿੱਧੂ ਖਿਲਾਫ ਡਿਵੈਲਪਮੈਂਟ ਦੇ ਕੰਮ ਨਾ ਹੋਣ 'ਤੇ ਨਾਅਰੇਬਾਜ਼ੀ ਵੀ ਕੀਤੀ।

ਇਸ ਮੌਕੇ ਸਿੱਧੂ ਨੇ ਕਿਹਾ ਕਿ ਪਿਛਲੀ ਸਰਕਾਰ ਵਿੱਚ ਸਿੰਗਲ ਐਂਟਰੀ ਸਿਸਟਮ ਨਾਲ ਸਾਰਾ ਕੰਮ ਹੁੰਦਾ ਰਿਹਾ ਜਿਸ ਨੂੰ ਸੁਪਰੀਮ ਕੋਰਟ ਵੀ ਨਹੀਂ ਮੰਨਦੀ। ਅੰਮ੍ਰਿਤਸਰ ਦੇ ਫੋਰੈਂਸਿਕ ਆਡਿਟ ਵਿੱਚ 250 ਕਰੋੜ ਰੁਪਏ ਦੀ ਗੜਬੜੀ ਮਿਲੀ ਸੀ। ਇਸ ਵਿੱਚ 78 ਕਰੋੜ ਉਹ ਸਨ ਜਿਹੜੇ ਕਿ ਖਾਤੇ ਵਿੱਚ ਪਏ ਰਹੇ ਤੇ ਅਫ਼ਸਰ ਕਮਿਸ਼ਨ ਖਾਂਦੇ ਰਹੇ। ਇੱਥੋਂ ਤੱਕ ਕਿ ਕਿਸੇ ਨੇ ਆਪਣੀ ਭਾਬੀ ਦੇ ਨਾਂ 'ਤੇ ਵੀ ਪੈਸਾ ਜਮ੍ਹਾ ਕਰਵਾ ਲਿਆ। ਸਿੱਧੂ ਨੇ ਅਫਸਰਾਂ ਨੂੰ ਸਿਸਟਮ ਠੀਕ ਕਰਨ ਲਈ ਇੱਕ ਹਫ਼ਤੇ ਦਾ ਸਮਾਂ ਦਿੰਦਿਆਂ ਕਿਹਾ ਕਿ ਇਸ ਤੋਂ ਬਾਅਦ ਸਸਪੈਨਸ਼ਨ ਦੇ ਆਰਡਰ ਹੋਣਗੇ।

ਜਦੋਂ ਨਵਜੋਤ ਸਿੱਧੂ ਨੂੰ ਪੁੱਛਿਆ ਗਿਆ ਕਿ ਸਿੰਗਲ ਟੈਂਡਰ 'ਤੇ ਠੇਕਾ ਦੇਣ ਦਾ ਫੈਸਲਾ ਪਿਛਲੀ ਸਰਕਾਰ ਨੇ ਕੀਤਾ ਸੀ ਅਤੇ ਅਫਸਰਾਂ ਨੇ ਉਸੇ ਆਧਾਰ 'ਤੇ ਠੇਕੇ ਦਿੱਤੇ ਤਾਂ ਉਨਾਂ ਗੋਲਮੋਲ ਗੱਲ ਕਰਦਿਆਂ ਕਿਹਾ ਕਿ ਅਜਿਹਾ ਨਹੀਂ ਹੋਇਆ। ਸਿਰਫ ਇੱਕ ਚਿੱਠੀ ਜਾਰੀ ਕੀਤੀ ਗਈ ਸੀ ਜਿਸ ਦੇ ਆਧਾਰ 'ਤੇ ਸਾਰੇ ਠੇਕੇ ਦਿੱਤੇ ਗਏ ਜਦਕਿ ਸਿੰਗਲ ਟੈਂਡਰ 'ਤੇ ਹੋਏ ਠੇਕੇ ਨੂੰ ਸੁਪਰੀਮ ਕੋਰਟ ਵੀ ਨਹੀਂ ਮੰਨਦਾ।

ਜਲੰਧਰ ਪਹੁੰਚੇ ਸਿੱਧੂ ਖਿਲਾਫ ਨਾਅਰੇਬਾਜ਼ੀ 50 ਦੇ ਕਰੀਬ ਬੀਜੇਪੀ ਵਰਕਰਾਂ ਨੇ ਡਿਵੈਲਪਮੈਂਟ ਨਾ ਹੋਣ 'ਤੇ ਸਿੱਧੂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਕੇ ਸਿੱਧੂ ਲਈ ਰਸਤਾ ਸਾਫ ਕਰਵਾਇਆ।