ਚੰਡੀਗੜ੍ਹ: ਕੈਬਨਿਟ ਮੰਤਰੀ ਨਵਜੋਤ ਸਿੰਘ ਨੇ ਅੱਜ ਪੰਜਾਬ ਵਜ਼ਾਰਤ ਦੀ ਬੈਠਕ ਵਿੱਚ ਸ਼ਾਮਲ ਨਾ ਹੋ ਕੇ ਕੈਪਟਨ ਤੇ ਉਨ੍ਹਾਂ ਦੇ ਹਮਾਇਤੀਆਂ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਮੰਤਰੀ ਨੇ ਕੈਪਟਨ ਵੱਲੋਂ ਕਾਂਗਰਸ ਦਾ ਮਿਸ਼ਨ 13 ਫੇਲ੍ਹ ਹੋਣ ਤੇ ਪੰਜ ਸੀਟਾਂ ਨਾ ਜਿੱਤਣ ਪਿੱਛੇ ਸਿੱਧੂ ਦੇ ਜ਼ਿੰਮੇਵਾਰ ਨਾ ਹੋਣ ਦੀ ਗੱਲ ਵੀ ਕਹੀ। ਉੱਧਰ, ਕੈਪਟਨ ਦੇ ਵਜ਼ੀਰਾਂ ਨੇ ਲੋਕ ਸਭਾ ਚੋਣਾਂ ਮਗਰੋਂ ਪਹਿਲੀ ਕੈਬਟਨਿਟ ਮੀਟਿੰਗ ਵਿੱਚ ਸਿੱਧੂ ਦੀ ਗੈਰ-ਹਾਜ਼ਰੀ ਦੌਰਾਨ ਮੁੱਖ ਮੰਤਰੀ ਦਾ ਮੂੰਹ ਮਿੱਠਾ ਕਰਵਾਇਆ।

ਸਿੱਧੂ ਨੇ ਕਿਹਾ ਕਿ ਜੇਕਰ ਵਿਸ਼ਵਾਸ ਹੀ ਨਹੀਂ ਤਾਂ ਕਾਹਦੀ ਮੀਟਿੰਗ? ਉਨ੍ਹਾਂ ਕਿਹਾ ਕਿ ਉਹ ਕਦੇ ਵੀ ਲੂਜ਼ਰ (ਹਾਰੇ ਹੋਏ) ਨਹੀਂ ਰਹੇ। ਮੁੱਖ ਮੰਤਰੀ ਨੇ ਹਰ ਮੰਤਰੀ ਨੂੰ ਦੋ ਜ਼ਿਲ੍ਹਿਆਂ ਦਾ ਇੰਚਾਰਜ ਲਾਇਆ ਸੀ ਤੇ ਸਿੱਧੂ ਹਿੱਸੇ ਅੰਮ੍ਰਿਤਸਰ ਤੇ ਤਰਨ ਤਾਰਨ ਦੀ ਜ਼ਿੰਮੇਵਾਰੀ ਆਈ ਹੈ। ਨਵਜੋਤ ਸਿੱਧੂ ਨੇ ਦਾਅਵਾ ਕੀਤਾ ਕਿ ਉੱਥੋਂ ਕਾਂਗਰਸ ਹੀ ਜਿੱਤੀ ਹੈ।


ਉਨ੍ਹਾਂ ਕੈਪਟਨ 'ਤੇ ਸਿੱਧੀ ਉਂਗਲ ਚੁੱਕਦਿਆਂ ਕਿਹਾ ਕਿ ਸੀਐਮ ਕਹਿੰਦੇ ਹਨ ਕਿ ਸ਼ਹਿਰੀ ਵੋਟ ਕਾਂਗਰਸ ਨੂੰ ਨਹੀਂ ਮਿਲੀ ਤਾਂ ਅਸੀਂ 54 ਵਿੱਚੋਂ 34 ਸ਼ਹਿਰੀ ਵਿਧਾਨ ਸਭਾ ਹਲਕੇ ਜਿੱਤੇ ਹਨ। ਅੰਮ੍ਰਿਤਸਰ, ਜਲੰਧਰ, ਪਟਿਆਲਾ, ਲੁਧਿਆਣਾ ਤੇ ਜਲੰਧਰ ਸੀਟਾਂ ਸ਼ਹਿਰੀ ਵੋਟ ਨਾ ਮਿਲਣ ਤੋਂ ਬਗ਼ੈਰ ਕਿਵੇਂ ਜਿੱਤ ਲਈਆਂ।

ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਹੱਥੋਂ ਸੂਬੇ ਦੀਆਂ ਪੰਜ ਸੀਟਾਂ ਖੁੱਸਣ ਦਾ ਠੀਕਰਾ ਨਵਜੋਤ ਸਿੱਧੂ ਦੇ ਸਥਾਨਕ ਸਰਕਾਰਾਂ ਵਿਭਾਗ ਸਿਰ ਭੰਨ੍ਹ ਦਿੱਤਾ ਸੀ। ਇਸ ਤੋਂ ਬਾਅਦ ਸਿੱਧੂ ਨੇ ਆਪਣੇ ਵਿਭਾਗ ਦਾ ਰਿਪੋਰਟ ਕਾਰਡ ਵੀ ਪੇਸ਼ ਕੀਤਾ ਸੀ ਤੇ ਫਿਰ ਅੱਜ ਉਨ੍ਹਾਂ ਵੋਟਾਂ ਦੇ ਵੇਰਵੇ ਪੇਸ਼ ਕਰ ਆਪਣੇ ਆਪ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਹੈ। ਸਿੱਧੂ ਨੇ ਬਠਿੰਡਾ ਵਿੱਚ ਫਰੈਂਡਲੀ ਮੈਚ ਦਾ ਬਿਆਨ ਦਿੱਤਾ ਸੀ, ਜਿਸ ਤੋਂ ਕੈਪਟਨ ਅਮਰਿੰਦਰ ਸਿੰਘ ਖਾਸੇ ਖਫ਼ਾ ਹਨ।