ਡੇਰਾ ਬਾਬਾ ਨਾਨਕ- ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਗੁਰਦਾਸਪੁਰ ਜ਼ਿਮਨੀ ਚੋਣ ਵਿੱਚ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਲਈ ਸ਼ੁਰੂ ਕੀਤੇ ਗਏ ਚੋਣ ਪ੍ਰਚਾਰ ਦੀ ਸ਼ੁਰੂਆਤ ਅਕਾਲੀ ਲੀਡਰ ਸੁੱਚਾ ਸਿੰਘ ਲੰਗਾਹ ਦੇ ਨਾਂ ਤੋਂ ਵਾਇਰਲ ਹੋਈ ਇੱਕ ਅਸ਼ਲੀਲ ਵੀਡੀਓ ਤੋਂ ਕੀਤੀ। ਸਿੱਧੂ ਨੇ ਲੰਗਾਹ ਦੇ ਬਹਾਨੇ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਨੂੰ ਵੀ ਖਰੀਆਂ-ਖਰੀਆਂ ਸੁਣਾਈਆਂ ਅਤੇ ਮਜੀਠੀਆ ਨੂੰ ਲੰਗਾਹ ਦੀ ਵੀਡੀਓ ਦੇਖਣ ਦੀ ਸਲਾਹ ਵੀ ਦਿੱਤੀ। ਸਿੱਧੂ ਅੱਜ ਗੁਰਦਸਪੂਰ ਦੇ ਹਲਕਾ ਡੇਰਾ ਬਾਬਾ ਨਾਨਕ ਵਿੱਚ ਲੋਕਾਂ ਨੂੰ ਸੰਬੋਧਨ ਕਰ ਰਹੇ ਹਨ। ਸਿੱਧੂ ਨੇ ਕਿਹਾ ਕਿ ਲੰਗਾਹ ਦੇ ਨਾਮ ਭਾਵੇਂ ਸੁੱਚਾ ਸਿੰਘ ਹੈ ਪਰ ਉਨ੍ਹਾਂ ਦੇ ਕੰਮ ਲੁੱਚੇ ਹਨ। ਸਿੱਧੂ ਨੇ ਕਿਹਾ ਕਿ ਕਾਂਗਰਸ ਦੀਆਂ ਸਿਆਸੀ ਸਟੇਜਾਂ ਤੇ ਸਰਦਾਰੀ ਨਜ਼ਰ ਆਉਂਦੀ ਹੈ ਪਰ ਅਕਾਲੀ-ਭਾਜਪਾ ਦੀਆਂ ਸਟੇਜਾਂ ਤੇ ਬਲਾਤਕਾਰੀ ਅਤੇ ਚਿੱਟੇ ਦੇ ਵਪਾਰੀ ਦਿਖਾਈ ਦਿੰਦੇ ਹਨ। ਨਵਜੋਤ ਸਿੱਧੂ ਦੇ ਨਿਸ਼ਾਨੇ ਤੇ ਸਭ ਤੋਂ ਵੱਧ ਸਾਬਕਾ ਮੰਤਰੀ ਬਿਕਰਮ ਮਜੀਠੀਆ ਹੀ ਰਹੇ ਹਨ। ਉਨ੍ਹਾਂ ਕਿਹਾ ਕਿ ਮਜੀਠੀਆ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਉਹ ਸੁਖਬੀਰ ਬਾਦਲ ਦੇ ਸਾਲੇ ਹਨ ਅਤੇ ਇਹੋ ਹੀ ਕਾਰਨ ਹੈ ਕਿ ਉਨ੍ਹਾਂ ਨੂੰ ਮੰਤਰੀ ਬਣਾਇਆ ਗਿਆ ਅਤੇ ਕਈ ਸੀਨੀਅਰ ਅਕਾਲੀ ਲੀਡਰਾਂ ਨੂੰ ਸਿਆਸਤ ਤੋਂ ਦੂਰ ਕੀਤਾ ਗਿਆ। ਦਰਅਸਲ, ਸੁੱਚਾ ਸਿੰਘ ਲੰਗਾਹ ਵਿਰੁੱਧ ਬਲਾਤਕਾਰ ਦਾ ਕੇਸ ਦਰਜ ਹੋਣ ਤੋਂ ਬਾਅਦ ਗੁਰਦਾਸਪੁਰ ਜ਼ਿਮਨੀ ਚੋਣ ਵਿੱਚ ਇਹ ਸਭ ਤੋਂ ਵੱਡਾ ਸਿਆਸੀ ਮੁੱਦਾ ਬਣਿਆ ਹੋਇਆ ਹੈ ਅਤੇ ਕਾਂਗਰਸੀ ਇਸ ਮੁੱਦੇ ਦੇ ਸਹਾਰੇ ਹੀ ਇਸ ਚੋਣ ਨੂੰ ਜਿੱਤਣ ਦੀ ਕੋਸ਼ਿਸ਼ ਵਿੱਚ ਹਨ। ਦੱਸ ਦੇਈਏ ਕਿ ਸੁੱਚਾ ਸਿੰਘ ਲੰਗਾਹ ਮਾਝੇ ਦੇ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਹਨ ਅਤੇ ਅਕਾਲੀ ਲੀਡਰਾਂ ਵਲੋਂ ਬਿਕਰਮ ਮਜੀਠੀਆ ਨੂੰ ਮਾਝੇ ਦਾ ਜਰਨੈਲ ਕਿਹਾ ਜਾਂਦਾ ਰਿਹਾ ਹੈ ਅਤੇ ਇਹੋ ਹੀ ਕਾਰਨ ਹੈ ਕਿ ਮਾਝੇ ਦੇ ਇਸ ਲੀਡਰ ਦੇ ਨਾਂ ਤੋਂ ਅਸ਼ਲੀਲ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਿੱਧੂ ਇਸ ਮਾਝੇ ਦੇ ਲੀਡਰ ਦੇ ਨਾਲ-ਨਾਲ ਮਾਝੇ ਦੇ ਜਰਨੈਲ ਨੂੰ ਵੀ ਖਰੀਆਂ-ਖੋਟੀਆਂ ਸੁਣਾ ਰਹੇ ਹਨ।