ਚੰਡੀਗੜ੍ਹ: ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੰਘ ਸਿੱਧੂ ਦਾ ਕੈਬਨਿਟ ਤੋਂ ਅਸਤੀਫ਼ਾ ਮਨਜ਼ੂਰ ਕੀਤੇ ਜਾਣ ਬਾਅਦ ਕਾਂਗਰਸ ਵਿੱਚ ਸਿੱਧੂ ਦੇ ਭਵਿੱਖ 'ਤੇ ਸਵਾਲ ਖੜ੍ਹੇ ਹੋ ਗਏ ਹਨ, ਪਰ ਲੀਡਰਾਂ ਨੂੰ ਉਮੀਦ ਹੈ ਕਿ ਉਹ ਪਾਰਟੀ ਵਿੱਚ ਬਣੇ ਰਹਿਣਗੇ। ਉੱਧਰ ਬਠਿੰਡਾ ਵਿੱਚ ਸਥਾਨਕ ਐਮਸੀ ਵੱਲੋਂ ਉਨ੍ਹਾਂ ਦੀ ਗੁੰਮਸ਼ਦਗੀ ਦੇ ਬੈਨਰ ਲਾਏ ਗਏ ਹਨ ਤੇ ਪਤਾ ਦੱਸਣ ਵਾਲੇ ਨੂੰ 2100 ਰੁਪਏ ਇਨਾਮ ਤੇ ਪਾਕਿਸਤਾਨ ਦੀ ਫਰੀ ਯਾਤਰਾ ਦਾ ਐਲਾਨ ਵੀ ਕੀਤਾ ਗਿਆ ਹੈ।

ਇਹ ਰਹੱਸ ਬਣਿਆ ਹੋਇਆ ਹੈ ਕਿ ਸਿੱਧੂ ਦੀ ਅਗਲੀ ਰਣਨੀਤੀ ਕੀ ਹੋਏਗੀ, ਕਿਉਂਕਿ 14 ਜੁਲਾਈ ਨੂੰ ਟਵਿੱਟਰ 'ਤੇ ਆਪਣਾ ਅਸਤੀਫ਼ਾ ਜਨਤਕ ਕਰਨ ਬਾਅਦ ਉਨ੍ਹਾਂ ਇਸ ਬਾਰੇ ਕੋਈ ਬਿਆਨ ਨਹੀਂ ਦਿੱਤਾ। ਇਸ ਦੇ ਅਗਲੇ ਹੀ ਦਿਨ ਉਨ੍ਹਾਂ ਮੁੱਖ ਮੰਤਰੀ ਕੈਪਟਨ ਨੂੰ ਆਪਣਾ ਅਸਤੀਫ਼ਾ ਭੇਜਿਆ, ਜੋ ਉਨ੍ਹਾਂ ਮਨਜ਼ੂਰ ਕਰ ਲਿਆ ਹੈ। ਪੰਜਾਬ ਦੇ ਕਾਂਗਰਸੀ ਲੀਡਰਾਂ ਨੇ ਕੈਬਨਿਟ ਛੱਡਣ ਦੇ ਸਿੱਧੂ ਦੇ ਫੈਸਲੇ ਨੂੰ ਭੁੱਲ ਦੱਸਿਆ ਤੇ ਉਮੀਦ ਜਤਾਈ ਕਿ ਸਿੱਧੂ ਕਾਂਗਰਸ ਨਾਲ ਹੀ ਰਹਿਣਗੇ।

ਕਾਂਗਰਸ ਦੇ ਪੰਜਾਬ ਇਕਾਈ ਦੇ ਲੀਡਰ ਤੇ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਸਿੱਧੂ ਨੇ ਆਪਣੀ ਇੱਛਾ ਨਾਲ ਅਸਤੀਫ਼ਾ ਦਿੱਤਾ ਹੈ। ਕੈਪਟਨ ਚਾਹੁੰਦੇ ਸੀ ਕਿ ਸਿੱਧੂ ਆਪਣੀ ਜ਼ਿੰਮੇਵਾਰੀ ਸੰਭਾਲ ਲਏ ਤੇ ਬਤੌਰ ਊਰਜਾ ਮੰਤਰੀ ਕੰਮ ਕਰਨ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਕੱਢਿਆ ਨਹੀਂ ਗਿਆ, ਉਨ੍ਹਾਂ ਆਪਣੀ ਮਰਜ਼ੀ ਨਾਲ ਅਸਤੀਫ਼ਾ ਦਿੱਤਾ ਹੈ।

ਇਸ ਤੋਂ ਇਲਾਵਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵੀ ਸਿੱਧੂ ਦੇ ਕਾਂਗਰਸ ਵਿੱਚ ਬਣੇ ਰਹਿਣ ਦੀ ਉਮੀਦ ਜਤਾਈ ਹੈ। ਉੱਧਰ ਲੋਕ ਇਨਸਾਫ਼ ਪਾਰਟੀ ਮੁਖੀ ਸਿਮਰਜੀਤ ਬੈਂਸ ਨੇ ਤਾਂ ਸਿੱਧੂ ਨੂੰ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਕਰ ਦਿੱਤੀ ਹੈ ਤੇ ਕਿਹਾ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਪਾਰਟੀ ਦੇ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਬਣਾਇਆ ਜਾਏਗਾ।