ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਤੇ ਅਕਾਲੀ ਨੇਤਾ ਕਿਰਨਜੋਤ ਕੌਰ ਨੇ ਵੀ ਮਨਜਿੰਦਰ ਸਿਰਸਾ ਨੂੰ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਣਾਏ ਜਾਣ 'ਤੇ ਸਵਾਲ ਚੁੱਕੇ ਹਨ। ਕਿਰਨਜੋਤ ਕੌਰ ਦਾ ਕਹਿਣਾ ਹੈ ਕਿ ਜੇਕਰ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਹੇ ਵੱਡੇ ਅਹੁਦੇ 'ਤੇ ਬੈਠਣਗੇ ਤਾਂ ਫਿਰ ਪੰਥ ਕਿੱਥੇ ਜਾਵੇਗਾ।
ਉਨ੍ਹਾਂ ਆਪਣਾ ਰੋਸ ਫੇਸਬੁੱਕ 'ਤੇ ਵੀ ਪ੍ਰਗਟਾਇਆ ਹੈ ਤੇ ਵੱਖ-ਵੱਖ ਪੰਥ ਦਰਦੀ ਤੇ ਬੁੱਧੀਜੀਵੀ ਉਨ੍ਹਾਂ ਦੇ ਸਮਰਥਨ ਵਿੱਚ ਉੱਤਰ ਆਏ ਹਨ। ਪੰਥ ਬੁੱਧੀਜੀਵੀਆਂ ਨੇ ਸਿਰਸਾ ਨੂੰ ਆਰਐਸਐਸ ਦਾ ਬੰਦਾ ਦੱਸਿਆ ਹੈ। ਉਨ੍ਹਾਂ ਕਿਹਾ ਹੈ ਕਿ ਸਿਰਸਾ ਨੂੰ ਕਮੇਟੀ ਦਾ ਪ੍ਰਧਾਨ ਬਣਾਉਣ ਦਾ ਮਤਲਬ ਗੁਰੂ ਘਰਾਂ ਦਾ ਪ੍ਰਬੰਧ ਆਰਐਸਐਸ ਦੇ ਹੱਥਾਂ ਵਿੱਚ ਸੌਂਪਣ ਦੇ ਬਰਾਬਰ ਹੈ, ਜੋ ਬਰਦਾਸ਼ਤਯੋਗ ਨਹੀਂ।
ਕਿਰਨਜੋਤ ਕੌਰ ਦਾ ਕਹਿਣਾ ਹੈ ਕਿ ਕੀ ਸਿੱਖ ਕੌਮ ਕੋਲ ਇਸ ਸਮੇਂ ਕੋਈ ਵੀ ਪੰਥਕ ਨੇਤਾ ਮੌਜੂਦ ਨਹੀਂ ਜੋ ਭਾਜਪਾ ਦੇ ਵਿਧਾਇਕ ਨੂੰ ਦਿੱਲੀ ਦੇ ਗੁਰਦੁਆਰਿਆਂ ਦਾ ਪ੍ਰਬੰਧ ਦੇਖਣ ਦੀ ਕਮਾਨ ਸੌਂਪਣ ਲਈ ਮਜਬੂਰ ਹੋਣਾ ਪਿਆ। ਦਲ ਖ਼ਾਲਸਾ ਦੇ ਕਿਸਾਨ ਵਿੰਗ ਦੇ ਨੇਤਾ ਬਲਦੇਵ ਸਿੰਘ ਸਿਰਸਾ ਨੇ ਕਿਹਾ ਹੈ ਕਿ ਮਨਜਿੰਦਰ ਸਿਰਸਾ ਕਾਫੀ ਦਾੜ੍ਹੀ ਰੰਗਦੇ ਹਨ ਜੋ ਰਹਿਤ ਮਰਿਆਦਾ ਦੇ ਖ਼ਿਲਾਫ਼ ਹੈ।
ਅਕਾਲੀ ਦਲ ਯੂਨਾਈਟਿਡ ਦੇ ਮੁਖੀ ਭਾਈ ਮੋਹਕਮ ਸਿੰਘ ਨੇ ਕਿਹਾ ਹੈ ਕਿ ਬਾਦਲ ਪਰਿਵਾਰ ਆਪਣੇ ਸਿਆਸੀ ਮੁਫ਼ਾਦਾਂ ਲਈ ਹਮੇਸ਼ਾ ਹੀ ਪੰਥ ਦਾ ਘਾਣ ਕਰਦਾ ਆ ਰਿਹਾ ਹੈ। ਹੁਣ ਉਨ੍ਹਾਂ ਭਾਜਪਾ ਵਿਧਾਇਕ ਤੇ ਦਾੜ੍ਹੀ ਰੰਗਣ ਵਾਲੇ ਨੂੰ ਦਿੱਲੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਬਣਾ ਕੇ ਵੱਡੀ ਗ਼ਲਤੀ ਕੀਤੀ ਹੈ, ਜਿਸ ਨੂੰ ਸਿੱਖ ਕੌਮ ਕਦੇ ਨਹੀਂ ਭੁਲਾਏਗੀ।