ਲੁਧਿਆਣਾ: ਸ਼ਹਿਰ ਦੀ ਸਾਊਥ ਸਿਟੀ ਕਾਲੋਨੀ ਨੇੜਿਓਂ ਗੁਜ਼ਰਦੀ ਸਿੱਧਵਾਂ ਨਹਿਰ ਵਿੱਚ ਡੁੱਬ ਰਹੀਆਂ ਮਾਂ-ਧੀ ਨੂੰ ਸਿੱਖ ਵਿਅਕਤੀ ਨੇ ਆਪਣੀ ਦਸਤਾਰ ਨਾਲ ਬਚਾਇਆ। ਮਾਂ-ਧੀ ਦੀ ਕਾਰ ਹਾਦਸਾਗ੍ਰਸਤ ਹੋਣ ਨਾਲ ਨਹਿਰ 'ਚ ਜਾ ਡਿੱਗੀ ਸੀ।


ਪ੍ਰਾਪਤ ਜਾਣਕਾਰੀ ਮੁਤਾਬਕ ਸ਼ਨੀਵਾਰ ਸਵੇਰ ਗੀਤੂ ਮਲਹੋਤਰਾ ਆਪਣੀ ਸੱਤ ਸਾਲਾ ਧੀ ਸੁਮਾਇਰਾ ਨਾਲ ਅਧਿਆਪਕ ਮਾਪੇ ਮਿਲਣੀ ਲਈ ਉਸ ਦੇ ਸਕੂਲ ਜਾ ਰਹੀ ਸੀ। ਬਾੜੇਵਾਲ ਪੁਲ ਕੋਲ ਆਣ ਕੇ ਉਨ੍ਹਾਂ ਦੀ ਕਾਰ ਦਾ ਟਾਇਰ ਪਾਟ ਗਿਆ ਤੇ ਬੇਕਾਬੂ ਹੋ ਕੇ ਕਾਰ ਨਹਿਰ ਵਿੱਚ ਜਾ ਡਿੱਗੀ।

ਉੱਥੋਂ ਹੀ ਕੋਈ ਅਣਜਾਣ ਸਿੱਖ ਵਿਅਕਤੀ ਜਾ ਰਿਹਾ ਸੀ। ਉਸ ਨੇ ਇਹ ਘਟਨਾ ਹੁੰਦੀ ਵੇਖੀ ਤੇ ਫੌਰਨ ਆਪਣੀ ਪੱਗ ਨੂੰ ਰੱਸੀ ਵਜੋਂ ਵਰਤ ਕੇ ਮਾਂ-ਧੀ ਨੂੰ ਬਾਹਰ ਕੱਢਿਆ। ਗੀਤੂ ਮਲਹੋਤਰਾ ਤੇ ਸੁਮਾਇਰਾ ਦੋਵੇਂ ਸੁਰੱਖਿਅਤ ਹਨ। ਦੋਵਾਂ ਨੂੰ ਬਾਹਰ ਕੱਢਣ ਉਪਰੰਤ ਸਿੱਖ ਵਿਅਕਤੀ ਉੱਥੋਂ ਚਲਾ ਗਿਆ।

ਜਿੱਥੇ ਸਿੱਖ ਵਿਅਕਤੀ ਨੇ ਬਹਾਦੁਰੀ ਤੇ ਫੁਰਤੀ ਦਿਖਾਈ ਉੱਥੇ ਹੀ ਗੀਤੂ ਮਲਹੋਤਰਾ ਨੇ ਵੀ ਦਿਮਾਗ ਤੋਂ ਕੰਮ ਲਿਆ। ਕਾਰ ਨਹਿਰ ਵਿੱਚ ਡਿੱਗਣ ਉਪਰੰਤ ਉਸ ਨੇ ਤੁਰੰਤ ਆਪਣੀ ਤੇ ਧੀ ਦੀ ਸੀਟ ਬੈਲਟ ਖੋਲ੍ਹੀ ਤੇ ਕਾਰ ਦਾ ਇੰਜਣ ਬੰਦ ਕਰਨ ਤੋਂ ਪਹਿਲਾਂ ਪਾਵਰ ਵਿੰਡੋ ਦੀ ਮਦਦ ਨਾਲ ਸ਼ੀਸ਼ੇ ਖੋਲ੍ਹ ਦਿੱਤੇ। ਨਹਿਰ ਵਿੱਚ ਵੀ ਪਾਣੀ ਦਾ ਪੱਧਰ ਬਹੁਤਾ ਨਹੀਂ ਸੀ ਪਰ ਜੇਕਰ ਸਮਾਂ ਰਹਿੰਦੇ ਉਹ ਬਾਹਰ ਨਾ ਆਉਂਦੇ ਤਾਂ ਖ਼ਤਰਾ ਹੋ ਸਕਦਾ ਸੀ।