ਚੰਡੀਗੜ੍ਹ: ਕਾਂਗਰਸ ਤੇ ਅਕਾਲੀ ਦਲ ਦੀਆਂ ਰੈਲੀਆਂ ਦੇ ਚੱਲਦਿਆਂ ਆਮ ਆਦਮੀ ਪਾਰਟੀ ਦੇ ਬਾਗੀ ਧੜੇ ਨੇ ਸਿੱਖ ਜਥੇਬੰਦੀਆਂ ਦੇ ਭਾਈਵਾਲੀ ਬਣ ਕੇ ਸਾਂਝਾ ਸੰਘਰਸ਼ ਵਿੱਢ ਦਿੱਤਾ ਹੈ। ਸਿੱਖ ਗਰਮਖਿਆਲੀਆਂ ਨੇ 14 ਅਕਤੂਬਰ ਨੂੰ ਬਹਿਬਲ ਕਲਾਂ ਵਿੱਚ ਪੁਲਿਸ ਗੋਲ਼ੀਬਾਰੀ ਨਾਲ ਮਾਰੇ ਗਏ ਦੋ ਸਿੱਖਾਂ ਦੀ ਤੀਜੀ ਵਰ੍ਹੇਗੰਢ ਮਨਾਉਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ। ਕਾਂਗਰਸ ਤੇ ਅਕਾਲੀ ਦਲ ਨੇ ਤਾਂ ਪਹਿਲਾਂ ਹੀ ਇਨ੍ਹਾਂ ਤੋਂ ਦੂਰੀ ਬਣਾ ਲਈ ਸੀ ਪਰ ਖਹਿਰਾ ਦੀ ਅਗਵਾਈ ਵਾਲਾ 'ਆਪ' ਦਾ ਬਾਗੀ ਧੜਾ ਇਨ੍ਹਾਂ ਦੇ ਹੱਕ 'ਚ ਨਿੱਤਰਿਆ ਹੈ। ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਨੇ ਅਪੀਲ ਕੀਤੀ ਹੈ ਕਿ ਜੋ ਵੀ ਸਿੱਖ ਬਹਿਬਲ ਕਲਾਂ ਕਾਂਡ ਵਿੱਚ ਸ਼ਹੀਦ ਹੋਏ ਸਿੱਖਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਦਰਦ ਮਹਿਸੂਸ ਕਰਦਾ ਹੈ ਤੇ ਇਨਸਾਫ਼ ਚਾਹੁੰਦਾ ਹੈ, ਉਹ 14 ਅਕਤੂਬਰ ਨੂੰ ਬਰਗਾੜੀ ਜ਼ਰੂਰ ਪੁੱਜੇਗਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਇਸ ਮਾਮਲੇ ਵਿੱਚ ਇੱਕ ਵੀ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕਰਵਾ ਸਕੀ। ਅਕਾਲੀ ਦਲ ਤਾਂ ਬਰਗਾੜੀ ਮੋਰਚਾ ਦੇ ਲੀਡਰਾਂ ਨੂੰ ਅੱਤਵਾਦੀ ਤੱਕ ਐਲਾਨ ਚੁੱਕਿਆ ਹੈ। ਇਸ ਮਗਰੋਂ ਕਾਂਗਰਸ ਨੇ ਵੀ ਮੋਰਚੇ ਦੇ ਲੀਡਰਾਂ ਤੋਂ ਦੂਰੀ ਬਣਾ ਲਈ ਹੈ। ਅਜਿਹੇ ਵਿੱਚ ਸੁਖਪਾਲ ਖਹਿਰਾ ਧੜੇ ਨੇ ਹਮਾਇਤ ਕੀਤੀ ਹੈ। ਖਹਿਰਾ ਨੇ ਤਾਂ ਇਹ ਵੀ ਇਲਜ਼ਾਮ ਲਾਇਆ ਹੈ ਕਿ ਕਾਂਗਰਸ ਤੇ ਅਕਾਲੀ ਦਲ ਦੀਆਂ ਰੈਲੀਆਂ ਉਨ੍ਹਾਂ ਦੇ ਰੋਸ ਮਾਰਚ ਨੂੰ ਤਾਰਪੀਡੋ ਕਰਨ ਦੀ ਸਾਜ਼ਿਸ਼ ਹਨ। ਦਾਦੂਵਾਲ ਨੇ ਬਾਦਲਾਂ ’ਤੇ ਦੋਸ਼ ਲਾਇਆ ਕਿ ਬਾਦਲ ਅਫ਼ਵਾਹਾਂ ਫੈਲਾਉਣ ਲਈ ਮੀਡੀਆ ਦਾ ਇਸਤੇਮਾਲ ਕਰ ਰਹੇ ਸਨ ਕਿ ਬਰਗਾੜੀ ਮੋਰਚਾ ਮੱਠਾ ਪੈ ਗਿਆ ਹੈ ਪਰ ਰੋਜ਼ਾਨਾ ਹੋ ਰਹੀ ਇਕੱਤਰਤਾ ਦਰਸਾਉਂਦੀ ਹੈ ਕਿ ਸਿੱਖ ਭਾਈਚਾਰਾ ਇਨਸਾਫ ਚਾਹੁੰਦਾ ਹੈ ਤੇ ਜਦੋਂ ਤਕ ਇਨਸਾਫ ਨਹੀਂ ਮਿਲ ਜਾਂਦਾ, ਇਹ ਮੋਰਚਾ ਏਦਾਂ ਹੀ ਜਾਰੀ ਰਹੇਗਾ।