Gurmeet Ram Rahim: ਡੇਰਾ ਸਿਰਸਾ ਮੁਖੀ ਰਾਮ ਰਹੀਮ ਸਾਢੇ 7 ਸਾਲਾਂ ਬਾਅਦ ਡੇਰਾ ਸਿਰਸਾ ਪਹੁੰਚਿਆ। ਪੰਜ ਫਰਵਰੀ ਤੋਂ ਹੋਣ ਵਾਲੀ ਦਿੱਲੀ ਵਿਧਾਨ ਸਭਾ ਚੋਣਾਂ ਦੀ ਵੋਟਿੰਗ ਤੋਂ ਲਗਪਗ ਇੱਕ ਹਫ਼ਤਾ ਪਹਿਲਾਂ ਉਸ ਨੂੰ 30 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ। ਇਸ ਨੂੰ ਲੈ ਕੇ ਸਿੱਖ ਆਗੂਆਂ ਤੇ ਸਿਆਸੀ ਲੀਡਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਹੁਣ ਇਸ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। 


ਜਥੇਦਾਰ ਰਘਬੀਰ ਸਿੰਘ ਨੇ ਕਿਹਾ ਕਿ  ਸਰਕਾਰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਵਰਗੇ ਸੰਗੀਨ ਅਪਰਾਧੀ ਨੂੰ ਵਾਰ-ਵਾਰ ਪੈਰੋਲ ਦੇ ਕੇ ਅਤੇ 30-30 ਸਾਲਾਂ ਤੋਂ ਜੇਲ੍ਹਾਂ ਵਿਚ ਨਜ਼ਰਬੰਦ ਬੰਦੀ ਸਿੰਘਾਂ ਨੂੰ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਰਿਹਾਅ ਨਾ ਕਰਕੇ ਸਿੱਖਾਂ ਨੂੰ ਦੇਸ਼ ਅੰਦਰ ਗੁਲਾਮੀ ਦਾ ਅਹਿਸਾਸ ਕਰਵਾ ਰਹੀ ਹੈ।



ਡੇਰਾ ਸਿਰਸਾ ਮੁਖੀ ਨੂੰ ਸਰਕਾਰ ਵਲੋਂ ਆਪਣੇ ਰਾਜਨੀਤਕ ਹਿਤਾਂ ਲਈ ਵਾਰ-ਵਾਰ ਰਿਹਾਅ ਕਰਕੇ ਕਾਨੂੰਨ ਪ੍ਰਤੀ ਵਿਸ਼ਵਾਸ ਦੀ ਸਮੂਹਿਕ ਭਾਵਨਾ ਨੂੰ ਖਤਮ ਕੀਤਾ ਜਾ ਰਿਹਾ ਹੈ। ਇੱਕ ਪਾਸੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਦਹਾਕਿਆਂ ਤੋਂ ਜੇਲ੍ਹਾਂ ਵਿਚ ਨਜ਼ਰਬੰਦ ਹਨ ਅਤੇ ਉਨ੍ਹਾਂ ਨੂੰ ਰਿਹਾਅ ਕਰਨ ਤੋਂ ਸਰਕਾਰ ਸਾਫ ਮੁਨਕਰ ਹੋ ਰਹੀ ਹੈ ਅਤੇ ਦੂਜੇ ਪਾਸੇ ਆਪਣੀਆਂ ਸਾਧਵੀਆਂ ਨਾਲ ਜਬਰ-ਜਿਨਾਹ ਅਤੇ ਕਤਲ ਵਰਗੇ ਸੰਗੀਨ ਅਪਰਾਧਾਂ ਲਈ ਸਜ਼ਾ ਯਾਫਤਾ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦੇਣੀ ਦੇਸ਼ ਦੀ ਜਮਹੂਰੀਅਤ ਲਈ ਵੀ ਸਵਾਲ ਖੜ੍ਹੇ ਕਰਦੀ ਹੈ। 


ਜਥੇਦਾਰ ਨੇ ਕਿਹਾ ਕਿ ਲੱਗਦਾ ਹੈ ਕਿ ਸਰਕਾਰ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਣਾ ਚਾਹੁੰਦੀ ਹੈ। ਲਗਾਤਾਰ ਦੇਸ਼ ਵਿਚ ਤੀਜੇ ਦਰਜੇ ਦੇ ਸ਼ਹਿਰੀਆਂ ਵਾਲਾ ਵਿਹਾਰ ਕੀਤਾ ਜਾਣ ਕਰਕੇ ਸਿੱਖਾਂ ਵਿਚ ਅਲਹਿਦਗੀ ਦੀ ਭਾਵਨਾ ਪ੍ਰਬਲ ਹੋ ਰਹੀ ਹੈ, ਜੋ ਕਿ ਸਿੱਖਾਂ ਦੀਆਂ 80 ਫੀਸਦੀ ਤੋਂ ਵੱਧ ਕੁਰਬਾਨੀਆਂ ਨਾਲ ਆਜ਼ਾਦ ਹੋਏ ਭਾਰਤ ਦੀ ਜਮਹੂਰੀਅਤ ਲਈ ਸ਼ਰਮਨਾਕ ਹੈ।



ਸੂਤਰਾਂ ਦੀ ਮੰਨੀਏ ਤਾਂ ਰਾਮ ਰਹੀਮ 6 ਫਰਵਰੀ ਤੱਕ ਸਿਰਸਾ ਵਿੱਚ ਹੀ ਰਹੇਗਾ ਤੇ ਉਸ ਤੋਂ ਬਾਅਦ ਉਹ ਉੱਤਰ ਪ੍ਰਦੇਸ਼ ਦੇ ਬਾਗਪਤ ਆਸ਼ਰਮ ਜਾਵੇਗਾ। ਪਤਾ ਲੱਗਾ ਹੈ ਕਿ ਹਨੀਪ੍ਰੀਤ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਰਾਮ ਰਹੀਮ ਨੂੰ ਲਿਜਾਣ ਲਈ ਦੋ ਗੱਡੀਆਂ ਲੈ ਕੇ ਆਈ। ਉਹ ਰਾਮ ਰਹੀਮ ਨੂੰ ਲੈ ਕੇ ਡੇਰਾ ਸਿਰਸਾ ਪਹੁੰਚੀ। ਇਸ ਵੇਲੇ ਰਾਮ ਰਹੀਮ ਸ਼ਾਹ ਸਤਨਾਮ ਜੀ ਧਾਮ ਦੇ ਅੰਦਰ ਬਣੇ 'ਤੇਰਾ ਵਾਸ' ਵਿੱਚ ਰਹਿ ਰਿਹਾ ਹੈ।


ਸਿਰਸਾ ਪੁਲਿਸ ਨੇ ਡੇਰੇ ਦੇ ਸਾਰੇ ਦਰਵਾਜ਼ਿਆਂ 'ਤੇ 200 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਹਨ। ਕੈਂਪ ਨੂੰ ਜਾਣ ਵਾਲੇ ਰਸਤੇ 'ਤੇ 10 ਨਾਕੇ ਵੀ ਲਾਏ ਗਏ ਹਨ। ਰਾਮ ਰਹੀਮ ਜਿਸ ਗੇਟ ਰਾਹੀਂ ਅੰਦਰ ਗਿਆ, ਉਸ 'ਤੇ ਪੁਲਿਸ ਟੀਮ ਦੇ ਨਾਲ ਐਸਐਚਓ ਤਾਇਨਾਤ ਹੈ। ਇਸ ਗੇਟ ਰਾਹੀਂ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ। ਇੱਥੇ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ 'ਤੇ ਵੀ ਪਾਬੰਦੀ ਲਾਈ ਗਈ ਹੈ। ਡੇਰਾ ਪ੍ਰੇਮੀਆਂ ਨੂੰ ਵੀ ਇੱਥੇ ਆਉਣ ਤੋਂ ਰੋਕਿਆ ਜਾ ਰਿਹਾ ਹੈ।