Ludhiana News: ਪੰਜਾਬ ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ ਘਟੀ ਹੈ। ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਵਿੱਚ ਇੱਕ ਪਰਿਵਾਰ ਦੇ ਮੈਂਬਰਾਂ ਨੇ ਇੱਕ ਮਹਿਲਾ ਨੂੰ ਜਿਊਂਦਾ ਸਾੜ ਦਿੱਤਾ। ਸਹੁਰੇ ਪਰਿਵਾਰ ਵਾਲਿਆਂ ਨੇ ਇਸ ਲਈ ਨੂੰਹ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਕਿਉਂਕਿ ਉਸ ਨੇ ਪੁੱਤਰ ਨੂੰ ਜਨਮ ਨਹੀਂ ਦਿੱਤਾ ਸੀ। ਜਗਰਾਉਂ ਦੇ ਪਿੰਡ ਸਵੱਦੀ ਕਲਾਂ ਵਿੱਚ ਲਗਭਗ 10 ਦਿਨ ਪਹਿਲਾਂ ਪਤੀ ਨੇ ਆਪਣੇ ਮਾਤਾ-ਪਿਤਾ ਨਾਲ ਮਿਲਕੇ ਇਸ ਕਾਰਨ ਆਪਣੀ ਪਤਨੀ ਨੂੰ ਅੱਗ ਲਗਾ ਦਿੱਤੀ।
ਇਸ ਘਟੀਆ ਕਰਤੂਤ ਕਰਨ ਤੋਂ ਬਾਅਦ ਦੋਸ਼ੀ ਪਰਿਵਾਰ ਸ਼ਰੇਆਮ ਘੁੰਮ ਰਿਹਾ ਹੈ
ਇਸ ਸ਼ਰਮਨਾਕ ਘਟਨਾ ਨੂੰ ਸੱਸ, ਸਹੁਰੇ ਅਤੇ ਪੀੜਤਾ ਦੇ ਪਤੀ ਨੇ ਮਿਲਕੇ ਅੰਜਾਮ ਦਿੱਤਾ ਹੈ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਸੱਸ-ਸਹੁਰੇ ਅਜੇ ਵੀ ਖੁੱਲ੍ਹੇਆਮ ਘੁੰਮ ਰਹੇ ਹਨ। ਦੂਜੇ ਪਾਸੇ, ਪੀੜਤਾ ਦਾ ਪਿਤਾ ਆਪਣੀ ਬੇਟੀ ਨੂੰ ਇਨਸਾਫ ਦਿਵਾਉਣ ਲਈ ਪੁਲਿਸ ਦੇ ਚੱਕਰ ਕੱਟ ਰਿਹਾ ਹੈ। ਇਸਦੇ ਨਾਲ ਹੀ ਪੀੜਤਾ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੇ ਵਿਚਕਾਰ ਜੂਝ ਰਹੀ ਹੈ। ਉਸਦੀ ਹਾਲਤ ਗੰਭੀਰ ਬਣੀ ਹੋਈ ਹੈ।
ਪੁੱਤਰ ਨਾ ਹੋਣ ਕਾਰਨ ਸਹੁਰੇ ਪਰਿਵਾਰ ਵੱਲੋਂ ਨੂੰਹ ਨੂੰ ਸਾੜਨ ਦੇ ਮਾਮਲੇ ਵਿੱਚ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਹੋਣ ਤੋਂ ਨਾਰਾਜ਼ ਪਿਤਾ ਐਸਐਸਪੀ ਦਫ਼ਤਰ ਪਹੁੰਚਿਆ। ਉਨ੍ਹਾਂ ਨੇ ਪੁਲਿਸ ਅਧਿਕਾਰੀਆਂ 'ਤੇ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ ਕਿ ਪੁਲਿਸ ਜਾਨਬੁੱਝ ਕੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ, ਜਦਕਿ ਕਈ ਵਾਰ ਦੋਸ਼ੀਆਂ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾ ਚੁੱਕੀ ਹੈ।
10 ਦਿਨ ਤੋਂ ਬੇਹੋਸ਼ੀ ਦੀ ਹਾਲਤ ਵਿੱਚ ਪੀੜਤਾ ਦਾ ਇਲਾਜ ਜਾਰੀ
ਪੀੜਿਤ ਮਹਿਲਾ ਦੇ ਪਿਤਾ ਸਤਪਾਲ ਸਿੰਘ ਨਿਵਾਸੀ ਪਿੰਡ ਭਿੰਡਰ ਖੁਰਦ ਨੇ ਦੱਸਿਆ ਕਿ ਉਹਦੀ ਬੇਟੀ ਪਿਛਲੇ 10 ਦਿਨਾਂ ਤੋਂ ਜ਼ਿੰਦਗੀ ਤੇ ਮੌਤ ਦੇ ਵਿਚਕਾਰ ਜੂਝ ਰਹੀ ਹੈ। ਅਜੇ ਤੱਕ ਉਸ ਨੂੰ ਹੋਸ਼ ਨਹੀਂ ਆਇਆ। ਬੇਟੀ ਨੇ ਸਪੱਸ਼ਟ ਕਿਹਾ ਸੀ ਕਿ ਉਸਦੇ ਪਤੀ ਅਤੇ ਸੱਸ-ਸਹੁਰੇ ਨੇ ਉਸਨੂੰ ਸਾੜਿਆ ਹੈ। ਐਸਐਸਪੀ ਨਵਨੀਤ ਸਿੰਘ ਬੈਂਸ ਨੇ ਭਰੋਸਾ ਦਿਵਾਇਆ ਹੈ ਕਿ ਜਲਦੀ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਜਾਵੇਗਾ।
DMC ਵਿੱਚ ਦਾਖਲ ਪੀੜਤਾ, ਸੱਸ-ਸਹੁਰੇ ਫਰਾਰ
ਇਸ ਘਟਨਾ ਤੋਂ ਬਾਅਦ ਗੰਭੀਰ ਤੌਰ 'ਤੇ ਝੁਲਸ ਚੁੱਕੀ ਮਹਿਲਾ ਸੁਖਜੀਤ ਕੌਰ ਨੂੰ ਉਸਦੀ ਭੈਣ ਸੁਮਨਪ੍ਰੀਤ ਕੌਰ ਨੇ ਪਹਿਲਾਂ ਮੁੱਲਾਂਪੁਰ ਦੇ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ। ਪਰ ਹਾਲਤ ਵੱਧ ਨਾਜ਼ੁਕ ਹੋਣ ਕਰਕੇ ਡਾਕਟਰਾਂ ਨੇ ਉਸਨੂੰ ਰੈਫਰ ਕਰ ਦਿੱਤਾ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਝੁਲਸੀ ਆਪਣੀ ਧੀ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ 'ਚ ਦਾਖਲ ਕਰਵਾਇਆ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਨਾਲ ਜੰਗ ਲੜ ਰਹੀ ਹੈ। ਦੋਸ਼ੀ ਪਤੀ ਗੁਰਮੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਸੱਸ ਮਨਜੀਤ ਕੌਰ ਅਤੇ ਸਹੁਰਾ ਅਮਰਜੀਤ ਸਿੰਘ ਫਰਾਰ ਹਨ।