ਚੰਡੀਗੜ੍ਹ: ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਵਿੱਚ ਸਿੱਖ ਦਾ ਮਾਮਲਾ ਚਰਚਾ ਵਿੱਚ ਹੈ। ਪਿਛਲੇ ਸਮੇਂ ਦੌਰਾਨ ਸ਼ਿਲਾਂਗ ਦੇ ਬੜਾ ਬਾਜ਼ਾਰ ਸਥਿਤ ਸਿੱਖ ਵੱਸੋਂ ਵਾਲੀ ਕਲੋਨੀ `ਤੇ ਹਮਲਾਵਰਾਂ ਵੱਲੋਂ ਹਮਲਾ ਕੀਤਾ ਗਿਆ ਸੀ। ਇਸ ਮਗਰੋਂ ਵੀ ਸਿੱਖ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝ ਰਹੇ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਹਾਈ ਲੇਵਲ ਕਮੇਟੀ ਬਣਾ ਕੇ ਸਿੱਖਾਂ ਨੂੰ ਇੱਥੋਂ ਹਟਾਉਣ ਦੇ ਇਰਾਦੇ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਪਾਸੋਂ ਪਹਿਲਾਂ ਦੀ ਤਰ੍ਹਾਂ ਅੱਗੇ ਹੋ ਕੇ ਸਿੱਖ ਭਰਾਵਾਂ ਦੀ ਬਾਂਹ ਫੜ੍ਹਨ ਤੇ ਹਰ ਤਰ੍ਹਾਂ ਦੀ ਮਦਦ ਦੀ ਅਪੀਲ ਕੀਤੀ।   ਕਾਬਲੇਗੌਰ ਹੈ ਕਿ ਪਿਛਲੇ 200 ਸਾਲ ਤੋਂ ਵੀ ਵੱਧ ਸਮੇਂ ਤੋਂ ਵੱਸੇ ਹੋਏ ਹਨ। ਸਿੱਖਾਂ ਨੇ ਆਪਣੀ ਮਿਹਨਤ ਨਾਲ ਇੱਥੇ ਆਪਣੇ ਕਾਰੋਬਾਰ ਸਥਾਪਤ ਕੀਤੇ ਹੋਏ ਹਨ। ਸ਼ਿਲਾਂਗ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੇ ਪ੍ਰਧਾਨ ਗੁਰਜੀਤ ਸਿੰਘ ਨੇ ਦੱਸਿਆ ਕਿ ਇੱਥੇ ਵੱਸਦੇ ਸਿੱਖਾਂ ਨੇ ਰਾਜੇ ਲਾਧੋ ਮਾਨਕ ਸੀਅਮ ਨੂੰ ਜ਼ਮੀਨ ਦੇ ਪਟੇ ਸਿੱਖਾਂ ਦੇ ਨਾਂ ਕਰਨ ਲਈ ਦਰਖਾਸਤਾਂ ਦਿੱਤੀਆਂ ਹਨ। ਇਸ ਦੌਰਾਨ ਗੁਰਦੁਆਰਾ ਸਾਹਿਬ ਤੇ ਗੁਰੂ ਨਾਨਕ ਸਕੂਲ ਦੇ ਨਾਂ ਪਟੇ 2009 ਵਿੱਚ ਜਾਰੀ ਕਰ ਦਿੱਤੇ ਗਏ ਪਰ ਸਿੱਖਾਂ ਦੀਆਂ ਬਾਕੀ ਦਰਖਾਸਤਾਂ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ। ਸਿੱਖਾਂ ਨੇ ਇਸ ਸਬੰਧੀ ਮੌਜੂਦਾ ਰਾਜੇ ਨਿੱਕੀ ਨੈਲਸਨ ਸੀਅਮ ਨੂੰ ਵੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਥਾਨਕ ਹਾਈਕੋਰਟ ਨੇ 1994 ਤੇ 1996 ਵਿੱਚ ਸਥਾਨਕ ਸਰਕਾਰ ਨੂੰ ਹਦਾਇਤ ਕੀਤੀ ਸੀ ਕਿ ਇੱਥੇ ਵੱਸਦੇ ਲੋਕਾਂ ਨੂੰ ਹਟਾਇਆ ਨਹੀਂ ਜਾ ਸਕਦਾ। ਪ੍ਰਧਾਨ ਗੁਰਜੀਤ ਸਿੰਘ ਅੱਜ ਸ਼੍ਰੋਮਣੀ ਕਮੇਟੀ ਦਫਤਰ ਪਹੁੰਚੇ ਤੇ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਮੌਜੂਦਾ ਸਥਿਤੀ ਤੋਂ ਜਾਣੂ ਕਰਵਾਇਆ। ਸ਼੍ਰੋਮਣੀ ਕਮੇਟੀ ਵੱਲੋਂ ਸ਼ਿਲਾਂਗ ਵੱਸਦੇ ਸਿੱਖਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਵਾਇਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਜਲਦੀ ਹੀ ਇੱਕ ਹੋਰ ਵਫਦ ਸ਼ਿਲਾਂਗ ਭੇਜਿਆ ਜਾਵੇਗਾ ਜੋ ਉੱਥੇ ਦੀ ਸਰਕਾਰ ਤੇ ਪ੍ਰਸ਼ਾਸਨ ਨਾਲ ਗੱਲ ਕਰੇਗਾ।