ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਕੇਂਦਰ ਸਰਕਾਰ ਵੱਲੋਂ ਬਾਰਡਰ ਏਰੀਆ ਦਾ ਵਿਕਾਸ ਫੰਡ ਘਟਾਉਣ 'ਤੇ ਸਖ਼ਤ ਇਤਰਾਜ਼ ਜਤਾਇਆ ਹੈ। ਰੰਧਾਵਾ ਨੇ ਕਿਹਾ ਹੈ ਕਿ ਕਾਂਗਰਸ ਦੇ ਐਮਪੀ, ਵਿਧਾਇਕ ਤੇ ਮੰਤਰੀ ਬਾਰਡਰ ਵਿਕਾਸ ਫੰਡ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੋਠੀ ਅੱਗੇ ਧਰਨਾ ਦੇਣਗੇ।   ਕੇਂਦਰ ਨੇ ਬਾਰਡਰ ਏਰੀਆ ਵਿਕਾਸ ਪ੍ਰੋਜੈਕਟ ਤਹਿਤ ਪੰਜਾਬ ਦਾ ਫੰਡ ਤੇ ਖੇਤਰ ਘਟਾਇਆ ਹੈ। ਪਹਿਲਾਂ 100 ਫ਼ੀਸਦੀ ਬਾਰਡਰ ਵਿਕਾਸ ਫੰਡ ਕੇਂਦਰ ਦਿੰਦਾ ਸੀ ਜੋ ਹੁਣ ਸਿਰਫ਼ 60 ਫ਼ੀਸਦੀ ਕੀਤਾ ਹੈ ਤੇ ਬਾਕੀ 40 ਪੰਜਾਬ ਨੂੰ ਦੇਣਾ ਪੈ ਰਿਹਾ ਹੈ। ਸਰਹੱਦੀ ਵਿਕਾਸ ਦਾ ਖੇਤਰ ਵੀ 25 ਕਿਲੋਮੀਟਰ ਤੋਂ ਘਟਾ ਕੇ 10 ਕਿਲੋਮੀਟਰ ਕਰ ਦਿੱਤਾ ਗਿਆ ਹੈ। ਰੰਧਾਵਾ ਨੇ ਕਿਹਾ ਕਿ ਲੋਕ ਸਭਾ ਵਿੱਚ ਕਾਂਗਰਸ ਦੇ ਐਮਪੀ ਵੀ ਮੁੱਦਾ ਉਠਾਉਣਗੇ। ਜੇ ਫੇਰ ਵੀ ਕੁਝ ਨਾ ਕੀਤਾ ਤਾਂ ਮੋਦੀ ਦੀ ਕੋਠੀ ਘੇਰੀ ਜਾਏਗੀ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਸਕੱਤਰ ਨੂੰ ਵੀ ਮਿਲ ਕੇ ਸਾਰੀਆਂ ਮੰਗਾਂ ਪੇਸ਼ ਕੀਤੀਆਂ ਹਨ ਪਰ ਉਨ੍ਹਾਂ ਨੇ ਅਜੇ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਹੱਦੀ ਖੇਤਰਾਂ ਨੂੰ ਬਹੁਤ ਵੱਡੀ ਮਾਰ ਪੈਂਦੀ ਹੈ। ਸਪੈਸ਼ਲ ਪ੍ਰੋਜੈਕਟ ਤਾਂ ਕੀ ਦੇਣਾ ਸੀ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਇੰਦਰਾ ਗਾਂਧੀ ਵੇਲੇ ਦੀਆਂ ਸਹੂਲਤਾਂ ਵੀ ਕੱਟੀਆਂ ਜਾ ਰਹੀਆਂ ਹਨ।