ਸਿਆਗੋ: ਮਨੀਲਾ 'ਚ ਜੀਜੇ ਨੇ ਸਿਰ ਵਿੱਚ ਹਥੌੜਾ ਮਾਰ ਆਪਣੇ ਸਾਲੇ ਦੀ ਹੱਤਿਆ ਕਰ ਦਿੱਤੀ। ਨਵਾਂਸ਼ਹਿਰ ਦੇ ਪਿੰਡ ਬਹੂਆ ਦਾ ਹਰਜਿੰਦਰ ਕਰੀਬ 8-9 ਮਹੀਨੇ ਪਹਿਲਾਂ ਹੀ ਆਪਣੇ ਜੀਜੇ ਵੱਲੋਂ ਸਪਾਂਸਰ ਕੀਤੇ ਜਾਣ 'ਤੇ ਮਨੀਲਾ ਗਿਆ ਸੀ। ਦੋਵੇਂ ਜਾਣੇ ਮਨੀਲਾ ਦੇ ਸਿਆਗੋ ਸ਼ਹਿਰ 'ਚ ਫਾਈਨੈਂਸ ਦਾ ਕੰਮ ਕਰਦੇ ਸਨ।


ਦਰਅਸਲ ਬੀਤੀ ਦੇਰ ਰਾਤ ਦੋਵਾਂ 'ਚ ਕਿਸੇ ਗੱਲ ਤੋਂ ਤਕਰਾਰ ਹੋ ਗਿਆ। ਸੁਰਿੰਦਰ ਸਿੰਘ ਨੇ ਆਪਣੇ ਸਾਲੇ ਹਰਜਿੰਦਰ ਦੇ ਸਿਰ 'ਚ ਤੇਜ਼ਧਾਰ ਹਥਿਆਰ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਹਰਜਿੰਦਰ ਦੇ ਪਰਿਵਾਰ 'ਚ ਉਸ ਦੇ ਮਾਤਾ-ਪਿਤਾ, ਭਾਈ-ਭੈਣ, ਪਤਨੀ ਤੇ ਦੋ ਛੇਟੇ ਬੇਟੇ ਹਨ।


ਹਰਜਿੰਦਰ ਦੇ ਪਰਿਵਾਰ ਮੁਤਾਬਕ ਪੰਜਾਬ 'ਚ ਉਹ ਡਰਾਇਵਰੀ ਕਰਦਾ ਸੀ ਤੇ 8 ਮਹੀਨੇ ਪਹਿਲਾਂ ਉਸ ਦੇ ਜੀਜੇ ਨੇ ਉਸ ਨੂੰ ਸਪਾਂਸਰ ਕਰਕੇ ਆਪਣੇ ਕੋਲ ਬੁਲਾ ਲਿਆ ਸੀ। ਉਨ੍ਹਾਂ ਦੱਸਿਆ ਕਿ ਹਰਜਿੰਦਰ ਅਕਸਰ ਹੀ ਕਹਿੰਦਾ ਸੀ ਕਿ ਉਸ ਦਾ ਜੀਜਾ ਸੁਰਿੰਦਰ ਸਿੰਘ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਹੈ। ਅਜੇ ਇੱਕ ਦਿਨ ਪਹਿਲਾਂ ਹੀ ਹਰਜਿੰਦਰ ਨੇ ਸ਼ਾਮ ਨੂੰ ਫੋਨ 'ਤੇ ਇਹ ਜਾਣਕਾਰੀ ਦਿੱਤੀ ਸੀ।


ਜਦਕਿ ਕੱਲ੍ਹ ਸ਼ਾਮ ਉਸਦੇ ਇੱਕ ਦੋਸਤ ਦਾ ਫੋਨ ਆਇਆ ਕਿ ਸੁਰਿੰਦਰ ਨੇ ਬਹੁਤ ਹੀ ਬੇਰਹਿਮੀ ਨਾਲ ਹਰਜਿੰਦਰ ਦਾ ਕਤਲ ਕਰ ਦਿੱਤਾ। ਸੁਰਿੰਦਰ ਨੇ ਹਥੌੜੇ ਮਾਰ ਮਾਰ ਹਰਜਿੰਦਰ ਨੂੰ ਮਾਰ ਮੁਕਾਇਆ। ਫਿਰ ਲਾਸ਼ 'ਤੇ ਤੇਲ ਪਾ ਕੇ ਅੱਗ ਲਾ ਦਿੱਤੀ। ਮਨੀਲਾ ਪੁਲਿਸ ਨੇ ਸੁਰਿੰਦਰ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਸ ਨੇ ਆਪਣਾ ਜ਼ੁਰਮ ਕਬੂਲ ਲਿਆ। ਹਰਜਿੰਦਰ ਦੇ ਪਰਿਵਾਰ ਵਾਲਿਆਂ ਨੇ ਕੇਂਦਰ ਸਰਕਾਰ ਕੋਲ ਉਸ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਮੰਗ ਕੀਤੀ ਹੈ।