ਨਵੀਂ ਦਿੱਲੀ: ਅਮਰੀਕਾ ਵਿੱਚ ਸ਼ਰਣ ਲੈਣ ਪੁੱਜੇ 50 ਗ਼ੈਰ ਕਾਨੂੰਨੀ ਭਾਰਤੀ ਪ੍ਰਵਾਸੀ, ਜਿਨ੍ਹਾਂ ਵਿੱਚ ਜ਼ਿਆਦਾਤਰ ਸਿੱਖ ਹਨ, ਨਾਲ ਅਪਰਾਧੀਆਂ ਵਾਲਾ ਵਤੀਰਾ ਹੋ ਰਿਹਾ ਹੈ। ਇੰਨਾ ਹੀ ਨਹੀਂ ਦਸਤਾਰਧਾਰੀ ਸਿੱਖਾਂ ਦੀਆਂ ਪੱਗਾਂ ਦੀ ਬੇਅਦਬੀ ਵੀ ਕੀਤੀ ਜਾ ਰਹੀ ਹੈ। ਲੀਗਲ ਐਡਵੋਕੇਸੀ ਗਰੁੱਪ ਦੇ ਨਿਸ਼ਕਾਮ ਸੇਵਕਾਂ ਨੇ ਦਾਅਵਾ ਕੀਤਾ ਹੈ ਕਿ ਟਰੰਪ ਪ੍ਰਸ਼ਾਸਨ ਵੱਲੋਂ ਗ਼ੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਚਲਾਈ ਜ਼ੀਰੋ ਟੌਲਰੈਂਸ ਵਾਲੀ ਮੁਹਿੰਮ ਤਹਿਤ ਇਨ੍ਹਾਂ ਭਾਰਤੀ ਸਿੱਖਾਂ ਨੂੰ ਓਰੇਗੌਨ ਦੀ ਫੈਡਰਲ ਜੇਲ੍ਹ ਵਿੱਚ ਕੈਦ ਕੀਤਾ ਹੋਇਆ ਹੈ।


ਕਮਿਊਨਿਟੀ ਕਾਲਜ ਦੀ ਪ੍ਰੋਫੈਸਰ ਨਵਨੀਤ ਕੌਰ ਨੇ ਦੱਸਿਆ ਕਿ ਓਰੇਗੌਨ ਦੇ ਸ਼ੈਰੀਡਨ ਦੀ ਜੇਲ੍ਹ ਵਿੱਚ 52 ਭਾਰਤੀਆਂ ਨਾਲ ਉਨ੍ਹਾਂ ਗੱਲਬਾਤ ਕੀਤੀ। ਨਵਨੀਤ ਕੌਰ ਨੂੰ ਪੰਜਾਬੀ ਤੇ ਅੰਗ੍ਰੇਜ਼ੀ ਦੇ ਦੁਭਾਸ਼ੀਏ ਵਜੋਂ ਜੇਲ੍ਹ ਵਿੱਚ ਬੁਲਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਗ਼ੈਰ ਕਾਨੂੰਨੀ ਪ੍ਰਵਾਸੀਆਂ ਵਿੱਚੋਂ ਜ਼ਿਆਦਾਤਰ ਪੰਜਾਬੀ ਬੋਲਣ ਵਾਲੇ ਤੇ ਸਿੱਖ ਸਨ ਤੇ ਉਨ੍ਹਾਂ ਦੀ ਹਾਲਤ ਬੇਹੱਦ ਤਰਸਯੋਗ ਸੀ।

ਨਵਨੀਤ ਕੌਰ ਨੇ ਦੱਸਿਆ ਕਿ ਸਾਰੇ ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ 24 ਘੰਟੇ ਹੱਥਕੜੀਆਂ ਲੱਗੀਆਂ ਰਹਿੰਦੀਆਂ ਹਨ ਤੇ ਉਨ੍ਹਾਂ ਨੂੰ ਸੰਗਲਾਂ ਨਾਲ ਨੂੜ ਕੇ ਰੱਖਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਦਿਨ ਵਿੱਚੋਂ 22 ਘੰਟੇ ਇਨ੍ਹਾਂ ਪ੍ਰਵਾਸੀਆਂ ਨੂੰ ਕੋਠਰੀ ਵਿੱਚ ਉਨ੍ਹਾਂ ਵਿਅਕਤੀਆਂ ਨਾਲ ਰੱਖਿਆ ਜਾਂਦਾ ਹੈ ਜੋ ਉਨ੍ਹਾਂ ਦੀ ਭਾਸ਼ਾ ਨਹੀਂ ਬੋਲ ਸਕਦੇ।

ਪ੍ਰੋਫੈਸਰ ਨੇ ਦੱਸਿਆ ਕਿ ਸਿੱਖਾਂ ਲਈ ਇਹ ਹਾਲਾਤ ਹੋਰ ਵੀ ਬੁਰੇ ਹਨ। ਸਿੱਖਾਂ ਦੀ ਦਸਤਾਰਾਂ ਉਤਾਰੀਆਂ ਗਈਆਂ ਹਨ। ਨਵਨੀਤ ਕੌਰ ਨੇ ਕਿਹਾ ਕਿ ਜਿਸ ਦੇਸ਼ ਵਿੱਚ ਆਪਣੇ ਧਰਮ ਨੂੰ ਮੰਨਣ ਦੀ ਪੂਰੀ ਆਜ਼ਾਦੀ ਹੈ, ਉੱਥੇ ਸਿੱਖਾਂ ਦੇ ਸਿਰਾਂ 'ਤੇ ਕੱਪੜੇ ਦਾ ਇੱਕ ਟੁਕੜਾ ਵੀ ਨਹੀਂ ਹੈ।

ਐਨਜੀਓ ਇਨੋਵੇਸ਼ਨ ਲਾਅ ਲੈਬ ਦੇ ਵਿਕਾਸ ਨਿਰਦੇਸ਼ਕ ਵਿਕਟੋਰੀਆ ਬੇਜਾਰਾਨੋ ਮੁਇਰਹੈੱਡ ਨੇ ਕਿਹਾ ਕਿ ਇਹ ਸਭ ਵੇਖ ਉਹ ਬੇਹੱਦ ਸਦਮੇ ਵਿੱਚ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਐਨਜੀਓ ਨਾਜਾਇਜ਼ ਪ੍ਰਵਾਸੀਆਂ ਲਈ ਕਾਨੂੰਨੀ ਸਹਾਇਤਾ ਮੁਹੱਈਆ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਐਨਜੀਓ ਦੀ ਦਖ਼ਲਅੰਦਾਜ਼ੀ ਨਾਲ ਇਨ੍ਹਾਂ ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਆਪਣੇ ਪਰਿਵਾਰਾਂ ਨਾਲ ਕੌਮਾਂਤਰੀ ਫ਼ੋਨ ਕਾਲ ਦੇ ਨਾਲ ਨਾਲ ਸਥਾਨਕ ਫ਼ੋਨ ਕਾਲਾਂ ਕਰਨ ਦੀ ਵੀ ਇਜਾਜ਼ਤ ਵੀ ਮਿਲੀ ਹੈ।