ਨਵੀਂ ਦਿੱਲੀ: ਬੱਚਿਆਂ ਲਈ ਪਾਊਡਰ, ਤੇਲ, ਸ਼ੈਂਪੂ ਆਦਿ ਬਣਾਉਣ ਵਾਲੀ ਕੰਪਨੀ ਜੌਨਸਨ ਐਂਡ ਜੌਨਸਨ ਦੇ ਬੇਬੀ ਪਾਊਡਰ ਨਾਲ ਕੈਂਸਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਅਮਰੀਕਾ ਵਿੱਚ ਸੇਂਟ ਲੂਈ ਦੀ ਅਦਾਲਤ ਨੇ ਮੰਨਿਆ ਕਿ ਜੌਨਸਨ ਕੰਪਨੀ ਦੇ ਬੇਬੀ ਪਾਊਡਰ ਦੀ ਵਜ੍ਹਾ ਕਰਕੇ ਬੱਚੇਦਾਨੀ ਦਾ ਕੈਂਸਰ ਹੋ ਸਕਦਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਕੰਪਨੀ ’ਤੇ 4.69 ਅਰਬ ਡਾਲਰ (ਕਰੀਬ 32 ਹਜ਼ਾਰ ਕਰੋੜ ਰੁਪਏ) ਦਾ ਜ਼ੁਰਮਾਨਾ ਠੋਕਿਆ ਹੈ।

ਦੂਜੇ ਪਾਸੇ ਜੌਨਸਨ ਐਂਡ ਜੌਨਸਨ ਨੇ ਕਿਹਾ ਹੈ ਕਿ ਉਸ ਦੇ ਪਾਊਡਰ ਵਿੱਚ ਕੈਂਸਰ ਪੈਦਾ ਕਰਨ ਵਾਲੇ ਕੋਈ ਤੱਤ ਮੌਜੂਦ ਨਹੀਂ ਹਨ ਤੇ ਉਹ ਅਦਾਲਤ ਦੇ ਇਸ ਫੈਸਲੇ ਖ਼ਿਲਾਫ਼ ਅਪੀਲ ਕਰੇਗੀ। ਕੰਪਨੀ ਨੇ ਕਿਹਾ ਹੈ ਕਿ ਉਸ ਦਾ ਪਾਊਡਰ ਸੁਰੱਖਿਅਤ ਹੈ ਤੇ ਉੱਚ ਅਦਾਲਤ ਇਸ ਤਰ੍ਹਾਂ ਦੇ ਫੈਸਲਿਆਂ ਨੂੰ ਤਕਨੀਕੀ ਤੇ ਕਾਨੂੰਨੀ ਆਧਾਰਾਂ ’ਤੇ  ਪਹਿਲਾਂ ਵੀ ਬਦਲ ਚੁੱਕੀ ਹੈ।

ਇਸ ਮਾਮਲੇ ਵਿੱਚ 22 ਪੀੜਤ ਮਹਿਲਾਵਾਂ ਨੇ ਇਲਜ਼ਾਮ ਲਾਇਆ ਸੀ ਕਿ ਉਨ੍ਹਾਂ ਨੂੰ ਜੌਨਸਨ ਬੇਬੀ ਪਾਊਡਰ ’ਚ ਮੌਜੂਦ ਤੱਤ ਐਸਬੈਸਟਸ ਦੀ ਵਜ੍ਹਾ ਕਰਕੇ ਬੱਚੇਦਾਨੀ ਦਾ ਕੈਂਸਰ ਹੋਇਆ ਹੈ। ਸਾਲਾਂ ਤੋਂ ਇਸ ਪਾਊਡਰ ਦੇ ਇਸਤੇਮਾਲ ਕਰਨ ਕਰਕੇ ਇਨ੍ਹਾਂ ਔਰਤਾਂ ਨੂੰ ਬੱਚੇਦਾਨੀ ਦਾ ਕੈਂਸਰ ਹੋਇਆ ਤੇ ਛੇ ਮਹਿਲਾਵਾਂ ਦੀ ਜਾਨ ਵੀ ਜਾ ਚੁੱਕੀ ਹੈ। ਮੰਨਿਆ ਜਾ ਰਿਹਾ ਹੈ ਕਿ ਪਾਊਡਰ ਦੀ ਵਜ੍ਹਾ ਨਾਲ ਹੋਈਆਂ ਬਿਮਾਰੀਆਂ ਲਈ ਇਹ ਸਭ ਤੋਂ ਵੱਡਾ ਮੁਆਵਜ਼ਾ ਹੈ।

ਯਾਦ ਰਹੇ ਕਿ ਕੰਪਨੀ ’ਤੇ ਪਹਿਲਾਂ ਵੀ ਇਸ ਤਰ੍ਹਾਂ ਦੇ ਇਲਜ਼ਾਮ ਲੱਗ ਚੁੱਕੇ ਹਨ ਪਰ ਇਸ ਵਾਰ ਲਾਇਆ ਜ਼ੁਰਮਾਨਾ ਹੁਣ ਤਕ ਦਾ ਸਭ ਤੋਂ ਵੱਡਾ ਜ਼ੁਰਮਾਨਾ ਹੈ।