ਸੋਰੋਂਗ: ਇੰਡੋਨੇਸ਼ੀਆ ਵਿੱਚ ਮਗਰਮੱਛ ਦਾ ਸ਼ਿਕਾਰ ਬਣੇ ਵਿਅਕਤੀ ਦੀ ਮੌਤ ਦਾ ਬਦਲਾ ਲੈਣ ਲਈ ਗੁੱਸੇ ਵਿੱਚ ਆਈ ਭੀੜ ਨੇ ਕਰੀਬ 300 ਮਗਰਮੱਛਾਂ ਨੂੰ ਜਾਨੋਂ ਮਾਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਪਾਪੂਆ ਸੂਬੇ ਵਿੱਚ ਵਿਅਕਤੀ ਦੇ ਸਸਕਾਰ ਮਗਰੋਂ ਵਾਪਰੀ। ਪੁਲਿਸ ਤੇ ਸੁਰੱਖਿਆ ਅਧਿਕਾਰੀਆਂ ਮੁਤਾਬਕ ਇਹ ਵਿਅਕਤੀ ਆਪਣੇ ਪਸ਼ੂਆਂ ਦਾ ਚਾਰੇ ਲਈ ਘਾਹ ਲੱਭਣ ਗਿਆ ਸੀ ਤਾਂ ਉੱਥੇ ਉਹ ਮਗਰਮੱਛਾਂ ਦੇ ਵਾੜੇ ਵਿੱਚ ਡਿੱਗ ਗਿਆ ਸੀ।
ਜਾਣਕਾਰੀ ਮੁਤਾਬਕ ਮਗਰਮੱਛ ਨੇ ਮ੍ਰਿਤਕ ਸੁਗਿਟੋ ਦਾ ਇੱਕ ਪੈਰ ਕੱਟ ਲਿਆ ਸੀ ਤੇ ਇੱਕ ਹੋਰ ਮਗਰਮੱਛ ਦੇ ਪਿਛਲੇ ਹਿੱਸੇ ਨਾਲ ਟਕਰਾ ਕੇ ਉਸ ਦੀ ਮੌਤ ਹੋ ਗਈ ਸੀ। ਉਸ ਦੀ ਮੌਤ ’ਤੇ ਗੁੱਸੇ ਵਿੱਚ ਆ ਕੇ ਉਸ ਦੇ ਰਿਸ਼ਤੇਦਾਰ ਤੇ ਸਥਾਨਕ ਲੋਕ ਪੁਲਿਸ ਥਾਣੇ ਪੁੱਜੇ। ਉਨ੍ਹਾਂ ਦਾ ਮੰਨਣਾ ਸੀ ਕਿ ਮਗਰਮੱਛਾਂ ਦਾ ਫਾਰਮ ਰਿਹਾਇਸ਼ੀ ਇਲਾਕੇ ਦੇ ਨੇੜੇ ਹੋਣ ਕਰਕੇ ਇਹ ਘਟਨਾ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਫਾਰਮ ਵਿਅਕਤੀ ਦੀ ਮੌਤ ਦਾ ਮੁਆਵਜ਼ਾ ਦੇਣ ਲਈ ਤਿਆਰ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਲੋਕਾਂ ਨੇ ਚਾਕੂ, ਛੁਰਿਆਂ ਤੇ ਖੁਰਪੇ ਲੈ ਕੇ ਚਾਰ ਇੰਚ ਲੰਮੇ ਬੱਚਿਆਂ ਤੋਂ ਲੈ ਕੇ ਦੋ ਮੀਟਰ ਤਕ ਦੇ 292 ਮਗਰਮੱਛਾਂ ਨੂੰ ਮਾਰ ਮੁਕਾਇਆ। ਪੁਲਿਸ ਤੇ ਸੁਰੱਖਿਆ ਅਧਿਕਾਰੀ ਵੀ ਇਸ ਭੀੜ ਨੂੰ ਰੋਕਣ ਵਿੱਚ ਅਸਮਰਥ ਸਨ। ਅਧਿਕਾਰੀਆਂ ਮੁਤਾਬਕ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਲਈ ਅਧਿਕਾਰਤ ਦੋਸ਼ ਵੀ ਤੈਅ ਕੀਤੇ ਜਾ ਸਕਦੇ ਹਨ।