ਅਮਰੀਕੀ ਵਿਦਿਆਰਥੀ ਪੜ੍ਹਨਗੇ ਗਦਰੀ ਬਾਬਿਆਂ ਦਾ ਇਤਿਹਾਸ
ਏਬੀਪੀ ਸਾਂਝਾ | 17 Jul 2018 01:19 PM (IST)
ਐਸਟੋਰੀਆ: ਅਮਰੀਕੀ ਵਿਦਿਆਰਥੀ ਗਦਰੀ ਬਾਬਿਆਂ ਦਾ ਇਤਿਹਾਸ ਪੜ੍ਹਨਗੇ। ਅਮਰੀਕਾ ਦੇ ਔਰੇਗਨ ਸੂਬੇ ਦੇ ਸਕੂਲਾਂ ਵਿੱਚ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਯੋਗਦਾਨ ਪਾਉਣ ਵਾਲੀ ਗ਼ਦਰ ਪਾਰਟੀ ਬਾਰੇ ਪੜ੍ਹਾਇਆ ਜਾਏਗਾ। ਗਦਰ ਪਾਰਟੀ ਦੀ ਸਥਾਪਨਾ ਦੇ 105 ਵਰ੍ਹੇ ਪੂਰੇ ਹੋਣ ਮੌਕੇ ’ਤੇ ਔਰੇਗਨ ਵਿੱਚ ਕਰਵਾਏ ਸਮਾਗਮ ਦੌਰਾਨ ਉੱਚ ਅਧਿਕਾਰੀਆਂ ਨੇ ਇਹ ਐਲਾਨ ਕੀਤਾ। ਇਤਿਹਾਸਕ ਸ਼ਹਿਰ ਐਸਟੋਰੀਆ ਵਿੱਚ ਕੁਝ ਭਾਰਤੀ-ਅਮਰੀਕੀ ਪਰਿਵਾਰ ਹਨ ਪਰ ਅਧਿਕਾਰਤ ਰਿਕਾਰਡ ਅਨੁਸਾਰ 1910 ਵਿੱਚ 70 ਹਿੰਦੂ ਇੱਥੇ ਆਏ ਸੀ, ਜਿਨ੍ਹਾਂ ਵਿੱਚੋਂ ਵਧੇਰੇ ਪੰਜਾਬ ਦੇ ਸਿੱਖ ਸਨ। ਇਹ ਭਾਰਤੀ ਇੱਥੇ ਲੱਕੜ ਕੱਟਣ ਵਾਲੀ ਸਥਾਨਕ ਕੰਪਨੀ ਵਿੱਚ ਬਤੌਰ ਮਜ਼ਦੂਰ ਸੀ। ਇਨ੍ਹਾਂ ਭਾਰਤੀਆਂ ਦੇ ਪਰਿਵਾਰਕ ਮੈਂਬਰ ਐਤਵਾਰ ਨੂੰ ਗਦਰ ਪਾਰਟੀ ਦੇ ਸਮਾਗਮ ਵਿੱਚ ਹਿੱਸਾ ਲੈਣ ਲਈ ਇਕੱਠੇ ਹੋਏ ਸੀ। ਔਰੇਗਨ ਦੇ ਅਟਾਰਨੀ ਜਨਰਲ ਐਲਨ ਐਫ ਰੇਜਨਬਲਮ ਨੇ ਕਿਹਾ ਕਿ 105 ਵਰ੍ਹੇ ਪਹਿਲਾਂ ਹੋਂਦ ਵਿੱਚ ਆਈ ਗਦਰ ਲਹਿਰ ਸਕੂਲ ਦੇ ਪਾਠਕ੍ਰਮ ਦਾ ਹਿੱਸਾ ਬਣੇਗੀ। ਔਰੇਗਨ ਦੇ ਗਵਰਨਰ ਕੇਟ ਬ੍ਰਾਉੂਨ ਨੇ ਕਿਹਾ ਕਿ ਇੱਕ ਸਦੀ ਪਹਿਲਾਂ, ਭਾਰਤ ਤੇ ਪੱਛਮ ਵਿੱਚ ਗਦਰ ਪਾਰਟੀ ਨੇ ਵੱਡੀ ਪਲਾਂਘ ਪੁੱਟਦਿਆਂ ਭਾਰਤ ਵਿੱਚ ਬਰਤਾਨਵੀ ਸ਼ਾਸਨ ਤੋਂ ਆਜ਼ਾਦੀ ਲਈ ਰਾਹ ਪੱਧਰਾ ਕੀਤਾ ਸੀ।