ਲੰਡਨ: ਭਾਰਤੀ ਸੰਵਿਧਾਨ ਦੀ ਬਹੁ ਚਰਚਿਤ ਧਾਰਾ 25-ਬੀ ਖਿਲਾਫ ਬਰਤਾਨੀਆਂ ਦੀ ਸੰਸਦ ਵਿੱਚ ਮਤਾ ਲਿਆਉਣ ਲਈ ਪਟੀਸ਼ਨ ਪਾਈ ਹੈ। ਪਟੀਸ਼ਨਕਰਤਾ ਪਰਮਜੀਤ ਸਿੰਘ ਨੇ ਇਸ ਪਟੀਸ਼ਨ ਵਿੱਚ ਕਿਹਾ ਹੈ ਕਿ ਭਾਰਤ ਦੇ ਆਜ਼ਾਦੀ ਐਕਟ 1947 ਅਨੁਸਾਰ ਸਿੱਖ ਧਰਮ ਨੂੰ ਵੱਖ ਧਰਮ ਵਜੋਂ ਪਛਾਣ ਦਿੱਤੀ ਸੀ ਪਰ 26 ਜਨਵਰੀ, 1950 ਨੂੰ ਲਾਗੂ ਕੀਤੇ ਗਏ ਭਾਰਤੀ ਸੰਵਿਧਾਨ ਵਿੱਚ ਸਿੱਖਾਂ ਦੀ ਵੱਖਰੀ ਪਛਾਣ ਨੂੰ ਖਤਮ ਕਰ ਦਿੱਤਾ ਗਿਆ।
ਧਾਰਾ 25-ਬੀ ਅਨੁਸਾਰ ਸਿੱਖਾਂ ਨੂੰ ਹਿੰਦੂ ਧਰਮ ਦਾ ਇਕ ਹਿੱਸਾ ਦਰਸਾਇਆ ਗਿਆ ਹੈ, ਜਿਸ ਕਰੇਕ ਵਿਆਹ ਵੀ ਸਿੱਖ ਭਾਈਚਾਰੇ ਨੂੰ ਹਿੰਦੂ ਐਕਟ ਅਧੀਨ ਹੀ ਕਰਵਾਉਣੇ ਪੈ ਰਹੇ ਹਨ। ਇਸ ਦੇ ਨਾਲ ਹੀ ਉਤਰਾਧਿਕਾਰੀ ਐਕਟ, ਘੱਟ ਗਿਣਤੀ ਤੇ ਸਰਪ੍ਰਸਤੀ ਐਕਟ, ਗੋਦ ਲੈਣ ਤੇ ਦੇਖ ਭਾਲ ਐਕਟ ਦੀ ਵਰਤੋਂ ਜਬਰੀ ਹਿੰਦੂ ਐਕਟ ਰਾਹੀਂ ਕਰਨੀ ਪੈ ਰਹੀ ਹੈ।
ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ 8 ਲੱਖ ਸਿੱਖ ਯੂ.ਕੇ. ਵੱਸਦਾ ਹੈ ਜਦਕਿ ਦਨੀਆਂ ਭਰ ਵਿੱਚ ਸਿੱਖਾਂ ਦੀ ਗਿਣਤੀ 300 ਲੱਖ ਤੋਂ ਜ਼ਿਆਦਾ ਹੈ। ਭਾਰਤ ਨੂੰ ਛੱਡ ਕੇ ਦੁਨੀਆ ਭਰ ਵਿੱਚ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਮੰਨਿਆ ਜਾਂਦਾ ਹੈ। ਪਟੀਸ਼ਨ ਵਿੱਚ ਯੂ.ਕੇ. ਸਰਕਾਰ ਨੂੰ ਭਾਰਤੀ ਸੰਵਿਧਾਨ ਦੀ ਧਾਰਾ 25-ਬੀ ਖਿਲਾਫ ਮਤਾ ਪਾਸ ਕਰਨ ਦੀ ਅਪੀਲ ਕੀਤੀ ਗਈ ਹੈ।
ਬਰਤਾਨਵੀ ਕਾਨੂੰਨ ਅਨੁਸਾਰ ਜੇ ਇਸ ਪਟੀਸ਼ਨ 'ਤੇ 10 ਹਜ਼ਾਰ ਦਸਤਖ਼ਤ ਹੋ ਜਾਂਦੇ ਹਨ ਤਾਂ ਸਰਕਾਰ ਨੂੰ ਇਸ ਬਾਰੇ ਬਿਆਨ ਜਾਰੀ ਕਰਨਾ ਪਵੇਗਾ, ਪਰ ਜੇ ਇਸ ਮੁਹਿੰਮ ਨੂੰ 1 ਲੱਖ ਲੋਕ ਹੁੰਗਾਰਾ ਭਰਦੇ ਹਨ ਤਾਂ ਇਸ ਸਬੰਧੀ ਪਾਰਲੀਮੈਂਟ ਵਿਚ ਮਤਾ ਲਿਆ ਕੇ ਖਾਸ ਬਹਿਸ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿੱਚੋਂ ਫਾਂਸੀ ਦੀ ਸਜ਼ਾ ਖ਼ਤਮ ਕਰਨ ਲਈ ਅਜਿਹੀ ਹੀ ਇੱਕ ਪਟੀਸ਼ਨ 'ਤੇ ਪਹਿਲਾਂ 1 ਲੱਖ ਤੋਂ ਵੱਧ ਲੋਕਾਂ ਨੇ ਦਸਤਖ਼ਤ ਕੀਤੇ ਸਨ, ਜਿਸ 'ਤੇ ਸੰਸਦ ਵਿਚ ਖਾਸ ਬਹਿਸ ਹੋਈ ਸੀ।