ਚੰਡੀਗੜ੍ਹ: ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨਾਲ ਉਲਝ ਕੇ ਚਰਚਾ ਵਿੱਚ ਹਨ। ਉਨ੍ਹਾਂ ਖਿਲਾਫ ਕੇਸ ਦਰਜ ਹੋ ਗਿਆ ਹੈ। ਉਨ੍ਹਾਂ ਦੀ ਜ਼ਮਾਨਤ ਅਰਜ਼ੀ ਰੱਦ ਹੋਣ ਮਗਰੋਂ ਪੁਲਿਸ ਉਨ੍ਹਾਂ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ।


ਮੰਗਲਵਾਰ ਨੂੰ ਅਫ਼ਵਾਹ ਫੈਲੀ ਕਿ ਬਟਾਲਾ ਪੁਲਿਸ ਨੇ ਵਿਧਾਇਕ ਬੈਂਸ ਦੇ ਦਫ਼ਤਰ ’ਚ ਛਾਪਾ ਮਾਰਿਆ ਹੈ ਤੇ ਵਿਧਾਇਕ ਆਪਣੇ ਦਫ਼ਤਰ ਵਿੱਚ ਨਹੀਂ ਮਿਲੇ। ਇਹ ਚਰਚਾ ਸੋਸ਼ਲ ਮੀਡੀਆ 'ਤੇ ਜੰਗਲ ਦੀ ਅੱਗ ਵਾਂਗ ਫੈਲ ਗਈ। ਇਸ ਮਗਰੋਂ ਬੈਂਸ ਨੇ ਪੱਤਰਕਾਰਾਂ ਸਾਹਮਣੇ ਪੇਸ਼ ਹੁੰਦਿਆਂ ਪੁਲਿਸ ਨੂੰ ਵੰਗਾਰਿਆ ਕਿ ਉਹ ਦਫਤਰ ਵਿੱਚ ਮੌਜੂਦ ਹਨ ਤੇ ਆ ਕੇ ਗ੍ਰਿਫਤਾਰ ਕਰ ਲਓ।

ਬੈਂਸ ਨੇ ਦਾਅਵਾ ਕੀਤਾ ਕਿ ਉਹ ਬਟਾਲਾ ਹਾਦਸਾ ਪੀੜਤਾਂ ਨਾਲ ਅੱਜ ਵੀ ਖ਼ੜ੍ਹੇ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਪੀੜਤਾਂ ਨੂੰ ਲੈ ਕੇ ਬਟਾਲਾ ਦੇ ਡੀਸੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ ਤਾਂ ਜੋ ਪੀੜਤਾਂ ਨੂੰ ਇਨਸਾਫ਼ ਮਿਲ ਸਕੇ। ਉਨ੍ਹਾਂ ਕਿਹਾ ਕਿ ਉਹ ਗ੍ਰਿਫ਼ਤਾਰੀ ਲਈ ਤਿਆਰ ਬਰ ਤਿਆਰ ਹਨ।