ਸ਼ੰਕਰ ਦਾਸ ਦੀ ਰਿਪੋਰਟ 

 

ਚੰਡੀਗੜ੍ਹ : ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਮਾਨ ਨੇ ਇੱਕ ਹੋਰ ਵਿਵਾਦਤ ਬਿਆਨ ਦਿੱਤਾ ਹੈ। ਘਰੇਲੂ ਉਡਾਣਾਂ ਵਿਚ ਸਿੱਖਾਂ ਦੇ ਕਿਰਪਾਨ ਲੈ ਕੇ ਜਾਣ ’ਤੇ ਚੱਲ ਰਹੇ ਵਿਵਾਦ ਦਰਮਿਆਨ ਮਾਨ ਨੇ ਕਿਹਾ ਕਿ ਜੇਕਰ ਹਿੰਦੂ ਜਨੇਊ ਪਹਿਨ ਕੇ ਜਹਾਜ਼ ਵਿਚ ਸਫਰ ਕਰ ਸਕਦੇ ਹਨ ਤਾਂ ਸਿੱਖ ਕਿਰਪਾਨ ਨਾਲ ਸਫਰ ਕਿਉਂ ਨਹੀਂ ਕਰ ਸਕਦੇ। ਜਿਸ ਨੇ ਸ਼ਰਾਰਤ ਕਰਨੀ ਹੈ ਉਹ ਜਨੇਊ ਦੀ ਜਗ੍ਹਾ ਚੀਨ ਦਾ ਧਾਗਾ ਪਾ ਕੇ ਜਾਵੇ ਅਤੇ ਧਮਕੀ ਦੇਵੇ ਕਿ ਮੈਂ ਗਰਦਨ ਉਡਾ ਦੇਵਾਂਗਾ ਅਤੇ ਉਹ ਜਹਾਜ਼ ਨੂੰ ਹਾਈਜੈਕ ਵੀ ਕਰ ਸਕਦਾ ਹਾਂ। 

 

ਸਿਮਰਨਜੀਤ ਮਾਨ ਨੇ ਕਿਹਾ ਕਿ ਕਿਰਪਾਨ ਨੂੰ ਇਕ ਹਥਿਆਰ ਦੇ ਤੌਰ ’ਤੇ ਦੇਖ ਕੇ ਜਹਾਜ਼ ਵਿਚ ਨਾ ਲੈ ਕੇ ਜਾਣ ਲਈ ਕਿਹਾ ਜਾ ਰਿਹਾ ਹੈ ਤਾਂ ਫਿਰ ਜਨੇਊ ਨੂੰ ਵੀ ਹਥਿਆਰ ਦੇ ਤੌਰ ’ਤੇ ਵਰਤਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਦੱਸਿਆ ਜਾ ਰਿਹਾ ਹੈ ਕਿ ਕਿਰਪਾਨ ਨਾਲ ਕਿਸੇ ਦਾ ਵੀ ਗਲਾ ਦਬਾਇਆ ਜਾ ਸਕਦਾ ਹੈ ਤਾਂ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜਨੇਊ ਨਾਲ ਵੀ ਕਿਸੇ ਦਾ ਗਲਾ ਵੱਢਿਆ ਜਾਂ ਦਬਾਇਆ ਜਾ ਸਕਦਾ ਹੈ।  ਮਾਨ ਨੇ ਕਿਹਾ ਕਿ ਮੈਂ ਸਾਂਸਦ ਹੋਣ ਦੇ ਨਾਤੇ ਇਹ ਗੱਲ ਸਵੀਕਾਰ ਨਹੀਂ ਕਰਦਾ।

 

ਦਰਅਸਲ 'ਚ ਦਿੱਲੀ ਹਾਈ ਕੋਰਟ ਵਿੱਚ ਇੱਕ ਗੈਰ-ਸਿੱਖ ਪਟੀਸ਼ਨ ਦਾਇਰ ਕੀਤੀ ਗਈ ਹੈ ਕਿ ਛੋਟੀ ਕਿਰਪਾਨ 'ਤੇ ਪਾਬੰਦੀ ਲਗਾਈ ਜਾਵੇ। ਇਸ ਬਾਬਤ ਸਿਮਰਨਜੀਤ ਸਿੰਘ ਮਾਨ ਨੇ ਇਹ ਦਲੀਲ ਦਿੱਤੀ ਹੈ ਕਿ ਜੇ ਜਨੇਊ ਪਾ ਕੇ ਹਵਾਈ ਸਫਰ ਕੀਤਾ ਜਾ ਸਕਦਾ ਹੈ ਤਾਂ ਕ੍ਰਿਪਾਨ ਪਹਿਣ ਕੇ ਸਫਰ ਕਿਉਂ ਨਹੀਂ ਕੀਤਾ ਜਾ ਸਕਦਾ ਹੈ। ਮਾਨ ਨੇ ਕਿਹਾ ਕਿ ਸਿੱਖਾਂ ਨੂੰ ਕਿਰਪਾਨ ਲੈ ਕੇ ਜਾਣ ਦੀ ਆਜ਼ਾਦੀ ਹੈ। ਜਿਸ ਤਰ੍ਹਾਂ ਦਾ ਜਨੇਊ ਹਿੰਦੂਆਂ ਦਾ ਧਾਰਮਿਕ ਚਿੰਨ੍ਹ ਹੈ, ਉਸੇ ਹੀ ਕਿਰਪਾਨ ਵੀ ਸਿੱਖਾਂ ਦਾ ਧਾਰਮਿਕ ਚਿੰਨ੍ਹ ਹੈ। 

 


ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਿੱਖਾਂ ਵੱਲੋਂ ਰੱਖੀ ਜਾ ਕਿਰਪਾਨ ਨੂੰ ਖਤਰਾ ਮੰਨਿਆ ਜਾ ਰਿਹਾ ਹੈ ਤਾਂ ਉਸੇ ਤਰ੍ਹਾਂ ਹਿੰਦੂਆਂ ਦਾ ਜਨੇਊ ਵੀ ਲੋਕਾਂ ਲਈ ਖਤਰੇ ਦਾ ਰੂਪ ਧਾਰਨ ਕਰ ਸਕਦਾ ਹੈ, ਲਿਹਾਜ਼ਾ ਸਾਨੂੰ ਸਾਵਧਾਨੀ ਵਰਤਣੀ ਪਵੇਗੀ। ਉਹਨਾਂ ਅੱਗੇ ਕਿਹਾ ਕਿ ਜੇਕਰ ਸਿੱਖਾਂ ਦੀ ਕਿਰਪਾਨ ਉਤਾਰੀ ਜਾਵੇਗੀ ਤਾਂ ਹਿੰਦੂਆਂ ਦੇ ਜਨੇਊ ਵੀ ਉਤਾਰੇ ਜਾਣਗੇ। 


 

 ਭਗਤ ਸਿੰਘ ਨੂੰ ਅੱਤਵਾਦੀ ਕਹਿ ਚੁੱਕੇ ਹਨ 


ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਉਹ ਵਿਵਾਦਿਤ ਬਿਆਨ ਦੇ ਚੁੱਕੇ ਹਨ। ਚੇਤੇ ਰਹੇ ਕਿ ਸੰਸਦ ਮੈਂਬਰ ਸਿਮਰਨਜੀਤ ਮਾਨ ਇਸ ਤੋਂ ਪਹਿਲਾਂ ਉਹ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿ ਚੁੱਕੇ ਹਨ। ਉਨ੍ਹਾਂ ਦਲੀਲ ਦਿੱਤੀ ਸੀ ਕਿ ਭਗਤ ਸਿੰਘ ਨੇ ਅਸੈਂਬਲੀ 'ਚ ਬੰਬ ਸੁੱਟਿਆ ਸੀ। ਅੰਗਰੇਜ਼ ਅਫਸਰ ਨੂੰ ਮਾਰਿਆ ਸੀ ਤਾਂ ਉਸ ਨੂੰ ਅੱਤਵਾਦੀ ਨਹੀਂ ਤਾਂ ਹੋਰ ਕੀ ਕਹੋਗੇ ?